ਸਰਹੱਦੀ ਪਿੰਡ ਭੱਗੂਪੁਰ ਬੇਟ ਵਿਖੇ ਸੱਕੀ ਨਾਲੇ ਦਾ ਪਾਣੀ ਘਰਾਂ 'ਚ ਵੜਿਆ

ਚੋਗਾਵਾਂ/ਅੰਮ੍ਰਿਤਸਰ, 4 ਸਤੰਬਰ (ਗੁਰਵਿੰਦਰ ਸਿੰਘ ਕਲਸੀ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡਾਂ ਵਿਚ ਸੱਕੀ ਨਾਲੇ ਦੇ ਪਾਣੀ ਵਿਚ ਭਾਰੀ ਉਛਾਲ ਆਉਣ ਕਰਕੇ ਪਿੰਡਾਂ ਦੀਆਂ ਫਸਲਾਂ ਦੇ ਨਾਲ-ਨਾਲ ਘਰ ਵੀ ਡੁੱਬਣੇ ਸ਼ੁਰੂ ਹੋ ਗਏ ਹਨ। ਇਸ ਸਬੰਧੀ ਭਰੇ ਮਨ ਨਾਲ ਜਾਣਕਾਰੀ ਦਿੰਦਿਆਂ ਸਰਹੱਦੀ ਪਿੰਡ ਭੱਗੂਪੁਰ ਬੇਟ ਦੇ ਮੈਂਬਰ ਲਾਹੌਰਾ ਸਿੰਘ ਨੇ ਦੱਸਿਆ ਕਿ ਬੀਤੇ ਦਿਨਾਂ ਤੋਂ ਪੈ ਰਿਹਾ ਭਾਰੀ ਮੀਂਹ ਅਤੇ ਅਤੇ ਪਿੰਡ ਮੋਹਲੇਕੇ ਤੋਂ ਸੱਕੀ ਨਾਲੇ ਦੇ ਪਾਣੀ ਵਿਚ ਭਾਰੀ ਉਛਾਲ ਆਉਣ ਕਰਕੇ ਪਿੰਡ ਦੀਆਂ ਫਸਲਾਂ, ਹਰਾ ਚਾਰਾ, ਸਬਜ਼ੀਆਂ ਡੁੱਬ ਕੇ ਤਬਾਹ ਹੋ ਗਈਆਂ ਸਨ, ਉਥੇ ਹੀ ਪਿੰਡ ਦੀ ਫਿਰਨੀ ਵਿਚ ਪਾਣੀ ਆਉਣ ਕਾਰਨ ਲੋਕਾਂ ਦੇ ਘਰ ਪਾਣੀ ਵਿਚ ਡੁੱਬ ਰਹੇ ਹਨ। ਗਲੀ ਵਿਚ ਚਾਰ ਤੋਂ ਅੱਠ ਫੁੱਟ ਪਾਣੀ ਜਮ੍ਹਾ ਹੋਣਾ ਸ਼ੁਰੂ ਹੋ ਗਿਆ। ਲੋਕਾਂ ਨੂੰ ਘਰਾਂ ਵਿਚੋਂ ਸਾਮਾਨ ਕੱਢਣ ਦਾ ਵੀ ਸਮਾਂ ਨਹੀਂ ਮਿਲਿਆ।
ਲੋਕਾਂ ਦੇ ਘਰਾਂ ਨੂੰ ਵੱਡੀਆਂ-ਵੱਡੀਆਂ ਤਰੇੜਾਂ ਪੈ ਗਈਆਂ ਹਨ। ਮਕਾਨ ਕਿਸੇ ਵੇਲੇ ਵੀ ਢਹਿ-ਢੇਰੀ ਹੋ ਸਕਦੇ ਹਨ ਪਰ ਦੁੱਖ ਦੀ ਗੱਲ ਕਿ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ। ਉਨ੍ਹਾਂ ਜ਼ਿਲ੍ਹੇ ਦੀ ਡੀ.ਸੀ. ਤੋਂ ਮੰਗ ਕੀਤੀ ਕਿ ਪਿੰਡ ਦੇ ਗਰੀਬ ਪਰਿਵਾਰਾਂ ਦੀ ਸਾਰ ਲਈ ਜਾਵੇ ਤੇ ਪਸ਼ੂਆਂ ਲਈ ਚਾਰਾ ਤੇ ਰਾਹਤ ਸਮੱਗਰੀ ਦਾ ਪ੍ਰਬੰਧ ਕੀਤਾ ਜਾਵੇ।