ਘੱਗਰ ਦੇ ਹੜ੍ਹਾਂ ਦਾ ਖ਼ਤਰਾ ਵਧਿਆ, ਪ੍ਰਸ਼ਾਸਨ ਨੇ ਲੋਕਾਂ ਨੂੰ ਕੀਤਾ ਸਾਵਧਾਨ

ਸਮਾਣਾ (ਪਟਿਆਲਾ), 4 ਸਤੰਬਰ (ਸਾਹਿਬ ਸਿੰਘ)-ਪੰਜਾਬ ਅਤੇ ਹਰਿਆਣਾ ਦੀ ਹੱਦ ਨੇੜਿਓਂ ਲੰਘਦੇ ਘੱਗਰ ਦਰਿਆ ਦੇ ਹੜ੍ਹਾਂ ਦਾ ਖ਼ਤਰਾ ਸਿਰ ਉਤੇ ਮੰਡਰਾ ਰਿਹਾ ਹੈ। ਘੱਗਰ ਦਰਿਆ ਵਿਚ ਪਾਣੀ ਘੱਟ ਹੋਣ ਦਾ ਨਾਂਅ ਨਹੀਂ ਲੈ ਰਿਹਾ। ਅਧਿਕਾਰੀਆਂ ਦਾ ਮੰਨਣਾ ਹੈ ਕਿ ਘੱਗਰ ਕਦੇ ਵੀ ਇਲਾਕੇ ਵਿਚ ਤਬਾਹੀ ਮਚਾ ਸਕਦਾ ਹੈ। ਪ੍ਰਸ਼ਾਸਨ ਨੇ ਘੱਗਰ ਨਾਲ ਲੱਗਦੇ ਦਰਜਨਾਂ ਪਿੰਡਾਂ ਦੇ ਵਸਨੀਕਾਂ ਨੂੰ ਸੁਰੱਖਿਅਤ ਥਾਵਾਂ ਉਤੇ ਜਾਣ ਲਈ ਕਹਿ ਦਿੱਤਾ ਹੈ। ਹਰਚੰਦ ਪੁਰਾ ਘੱਗਰ ਪੁਲ ਉਤੇ ਤਾਇਨਾਤ ਅਧਿਕਾਰੀ ਜਤਿੰਦਰ ਸਿੰਘ ਨੇ ਦੱਸਿਆ ਕਿ ਘੱਗਰ ਦਾ ਪਾਣੀ ਤੇਜ਼ੀ ਨਾਲ ਵਹਿ ਰਿਹਾ ਹੈ। ਘੱਗਰ ਦਰਿਆ ਨਾਲ ਹੜ੍ਹਾਂ ਦਾ ਖ਼ਤਰਾ ਬਣਿਆ ਹੋਇਆ ਹੈ। ਘੱਗਰ ਦੇ ਸੰਭਾਵੀ ਹੜ੍ਹਾਂ ਕਾਰਨ ਲੋਕਾਂ ਵਿਚ ਸਹਿਮ ਪਾਇਆ ਜਾ ਰਿਹਾ ਹੈ।