ਸੰਤੂ ਵਾਲਾ ਵਾਸੀ ਨੌਜਵਾਨ ਦੀ ਹਾਦਸੇ ਵਿਚ ਮੌਤ

ਠੱਠੀ ਭਾਈ, 4 ਸਤੰਬਰ (ਜਗਰੂਪ ਸਿੰਘ ਮਠਾੜੂ)-ਨਸੀਬ ਸਿੰਘ (ਉਮਰ 35 ਸਾਲ) ਪੁੱਤਰ ਜੀਤ ਸਿੰਘ ਵਾਸੀ ਪਿੰਡ ਸੰਤੂ ਵਾਲਾ (ਸੁਖਾਨੰਦ) ਜੋ ਦੋ ਦਿਨ ਪਹਿਲਾਂ ਆਪਣੀ ਰਿਸ਼ਤੇਦਾਰੀ ਵਿਚ ਹਲਵਾਈ ਦਾ ਕੰਮ ਕਰਨ ਲਈ ਗਿਆ ਹੋਇਆ ਸੀ। ਬੀਤੀ ਰਾਤ ਕਰੀਬ 9:30 ਵਜੇ ਜਦੋਂ ਉਹ ਵਾਪਸ ਆਪਣੇ ਪਿੰਡ ਨੂੰ ਪਰਤ ਰਿਹਾ ਸੀ ਤਾਂ ਬੰਬੀਹਾ ਭਾਈ ਤੋਂ ਸੁੱਖਾਨੰਦ ਨੂੰ ਆਉਂਦਿਆਂ ਡਰੇਨ ਦੇ ਪੁਲ ਕੋਲ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਦੌਰਾਨ ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ। ਮ੍ਰਿਤਕ ਨਸੀਬ ਸਿੰਘ ਬੇਹੱਦ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ। ਉਹ ਵਿਆਹਿਆ ਸੀ ਅਤੇ ਉਸ ਦੇ ਪਿੱਛੇ ਦੋ ਛੋਟੀਆਂ ਧੀਆਂ ਅਤੇ ਇਕ ਪੁੱਤਰ ਹੈ। ਇਸ ਅਚਾਨਕ ਘਟਨਾ ਕਾਰਨ ਪਰਿਵਾਰ, ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਵਿਚ ਸੋਗ ਦੀ ਲਹਿਰ ਛਾ ਗਈ ਹੈ।