ਸਲਾਇਟ ਨੇ ਭਾਰਤੀ ਇੰਜੀਨੀਅਰਿੰਗ ਰੈਂਕਿੰਗ 'ਚ 79ਵਾਂ ਸਥਾਨ ਹਾਸਲ ਕੀਤਾ

ਲੌਂਗੋਵਾਲ, 4 ਸਤੰਬਰ (ਵਿਨੋਦ, ਖੰਨਾ)-ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਸਲਾਇਟ ਲੌਂਗੋਵਾਲ ਨੇ ਅਖਿਲ ਭਾਰਤੀ ਇੰਜੀਨੀਅਰਿੰਗ ਰੈਂਕਿੰਗ 2025 ਵਿਚ 79ਵਾਂ ਸਥਾਨ ਪ੍ਰਾਪਤ ਕੀਤਾ ਹੈ। ਇਹ ਨਤੀਜੇ ਸਿੱਖਿਆ ਮੰਤਰਾਲੇ ਵਲੋਂ ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫ੍ਰੇਮਵਰਕ ਐਨ. ਆਈ. ਆਰ. ਐਫ. 2025 ਅਧੀਨ ਜਾਰੀ ਕੀਤੇ ਗਏ ਹਨ। ਡਾਇਰੈਕਟਰ ਸਲਾਈਟ ਪ੍ਰੋ. ਮਨੀ ਕਾਂਤ ਪਾਸਵਾਨ ਨੇ ਦੱਸਿਆ ਕਿ ਇਹ ਸਨਮਾਨ ਸਾਡੇ ਫੈਕਲਟੀ, ਗੈਰ-ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦੀ ਸਾਂਝੀ ਪ੍ਰਤੀਬੱਧਤਾ ਅਤੇ ਮਿਹਨਤ ਦਾ ਨਤੀਜਾ ਹੈ। ਸਾਨੂੰ ਮਾਣ ਹੈ ਕਿ ਸਲਾਇਟ ਲਗਾਤਾਰ ਤਰੱਕੀ ਕਰ ਰਿਹਾ ਹੈ ਅਤੇ ਇਹ ਰੈਂਕਿੰਗ ਸਾਡੀ ਉਸ ਦ੍ਰਿਸ਼ਟੀ ਦਾ ਸਬੂਤ ਹੈ, ਜਿਸ ਵਿਚ ਅਸੀਂ ਇਸ ਸੰਸਥਾ ਨੂੰ ਉੱਚ-ਗੁਣਵੱਤਾ ਵਾਲੀ ਸਿੱਖਿਆ ਅਤੇ ਰਾਸ਼ਟਰ ਨਿਰਮਾਣ ਦਾ ਕੇਂਦਰ ਬਣਾਉਣਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਲਗਾਤਾਰ ਯਤਨਾਂ ਨਾਲ ਅਸੀਂ ਆਉਣ ਵਾਲੇ ਸਾਲਾਂ ਵਿਚ ਹੋਰ ਵੀ ਉੱਚਾਈਆਂ ਨੂੰ ਛੂਹਣ ਦਾ ਟੀਚਾ ਰੱਖਦੇ ਹਾਂ। ਰਜਿਸਟਰਾਰ ਹਰੀ ਮੋਹਨ ਅਰੋੜਾ ਨੇ ਕਿਹਾ ਕਿ ਇਹ ਉਪਲਬਧੀ ਡਾਇਰੈਕਟਰ ਪ੍ਰੋ. ਡਾ. ਮਣਿਕਾਂਤ ਪਾਸਵਾਨ ਦੀ ਦੂਰਦਰਸ਼ੀ ਅਗਵਾਈ ਹੇਠ ਸੰਭਵ ਹੋਈ ਹੈ ਜਿਨ੍ਹਾਂ ਦੇ ਲਗਾਤਾਰ ਯਤਨਾਂ ਨੇ ਸੰਸਥਾ ਨੂੰ ਅਕਾਦਮਿਕ ਕਮਾਲ, ਨਵੀਨਤਾ ਅਤੇ ਵਿਕਾਸ ਵੱਲ ਤੋਰਿਆ ਹੈ।