ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਬੰਨ੍ਹ ਨੂੰ ਪੱਕਾ ਕਰਾਂਗੇ - ਸ. ਸੁਖਬੀਰ ਸਿੰਘ ਬਾਦਲ

ਮਾਛੀਵਾੜਾ ਸਾਹਿਬ, 4 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਮਾਛੀਵਾੜਾ ਸਾਹਿਬ ਦੀ ਹੱਦ ’ਤੇ ਪੈਂਦੇ ਪਿੰਡ ਫੱਸੇ ਵਿਖੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਾਇਜ਼ਾ ਲੈਣ ਪੁੱਜੇ ਜਿਥੇ ਉਨ੍ਹਾਂ ਪਿੰਡ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਸੂਬੇ ’ਚ ਹੜ੍ਹ ਆਏ ਹੋਏ ਹਨ ਅਤੇ ਸੂਬਾ ਮਾੜੇ ਸਮੇਂ ’ਚੋਂ ਗੁਜ਼ਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ’ਤੇ ਲੋਕਾਂ ਦਾ ਇਕੱਠ ਦੇਖ ਕੇ ਇਹ ਸਿੱਧ ਹੋ ਗਿਆ ਕਿ ਪੰਜਾਬ ਨੂੰ ਪੰਜਾਬੀ ਲੋਕ ਹੀ ਬਚਾਉਣਗੇ। ਉਨ੍ਹਾਂ ਕਿਹਾ ਕਿ ਦਿੱਲੀ ਤੋਂ ਚੱਲਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਹੜ੍ਹ ਪੀੜਤਾਂ ਲਈ ਕੁਝ ਵੀ ਨਹੀਂ ਕਰ ਰਹੀ।
ਉਨ੍ਹਾਂ ਕਿਹਾ ਕਿ ਬੀਤੀ ਰਾਤ ਪਿੰਡ ਫੱਸੇ ਦੇ ਬੰਨ੍ਹ ’ਤੇ ਸਥਿਤੀ ਬੜੀ ਗੰਭੀਰ ਹੋ ਗਈ ਸੀ ਅਤੇ ਸੂਚਨਾ ਮਿਲ ਰਹੀ ਸੀ ਕਿ ਬੰਨ੍ਹ ਕਿਸੇ ਸਮੇਂ ਵੀ ਟੁੱਟ ਸਕਦਾ ਹੈ ਪਰ ਇਸ ਇਲਾਕੇ ਦੇ ਲੋਕਾਂ ਨੇ ਇਸ ਬੰਨ੍ਹ ਨੂੰ ਬਚਾਉਣ ਲਈ ਆਪਣਾ ਵਡਮੁੱਲਾ ਯੋਗਦਾਨ ਪਾਇਆ ਜੋ ਕਿ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਬੰਨ੍ਹਾਂ ਨੂੰ ਮਜ਼ਬੂਤ ਕਰਨ ਲੱਗੇ ਲੋਕਾਂ ਲਈ ਵੱਖ-ਵੱਖ ਪਿੰਡਾਂ ਅਤੇ ਸੰਸਥਾਵਾਂ ਵਲੋਂ ਲੰਗਰ ਲਗਾਏ ਜਾ ਰਹੇ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਅੱਜ ਲੋੜ ਹੈ ਕਿ ਹੜ੍ਹਾਂ ਤੋਂ ਬਚਾਅ ਲਈ ਧੁੱਸੀ ਬੰਨ੍ਹ ਨੂੰ ਮਜ਼ਬੂਤ ਕਰਕੇ ਪਿੰਡਾਂ ਦੇ ਲੋਕਾਂ ਦਾ ਸਾਥ ਦਈਏ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਅਨੁਸਾਰ ਉਨ੍ਹਾਂ ਨੂੰ ਜਿਥੇ ਟ੍ਰੈਕਟਰ, ਟਰਾਲੀਆਂ ਤੇ ਮਸ਼ੀਨਾਂ ਵਿਚ ਡੀਜ਼ਲ ਪਵਾਉਣ ਅਤੇ ਬੋਰੀਆਂ ਖਰੀਦਣ ਲਈ ਆਰਥਿਕ ਸਹਾਇਤਾ ਦੀ ਲੋੜ ਹੈ, ਉਥੇ ਵੱਧ ਤੋਂ ਵੱਧ ਨੌਜਵਾਨ ਵੀ ਇਥੇ ਆਉਣ ਤਾਂ ਜੋ ਬੰਨ੍ਹ ਨੂੰ ਬਚਾਇਆ ਜਾ ਸਕੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਸਮਰਾਲਾ ਦੇ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਦੀ ਡਿਊਟੀ ਲਗਾਈ ਕਿ ਉਹ ਇਨ੍ਹਾਂ ਪਿੰਡਾਂ ਦੇ ਲੋਕਾਂ ਦੀ ਵੱਧ ਤੋਂ ਵੱਧ ਮਦਦ ਕਰਨ ਅਤੇ ਆਪਣੇ ਤੌਰ ’ਤੇ 3 ਲੱਖ ਰੁਪਏ ਸਰਪੰਚ ਨੂੰ ਸੌਂਪੇ ਕਿ ਉਹ ਵਾਹਨਾਂ ਵਿਚ ਤੇਲ ਤੇ ਹੋਰ ਸਮੱਗਰੀ ਖਰੀਦਣ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਲੋਕ ਹੜ੍ਹਾਂ ਦੀ ਮਾਰ ਹੇਠ ਪੂਰੀ ਤਰ੍ਹਾਂ ਆਏ ਹੋਏ ਹਨ। ਜਿਥੇ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਹਨ, ਉਥੇ ਕਈ ਗਰੀਬਾਂ ਦੇ ਘਰ ਢਹਿ-ਢੇਰੀ ਹੋ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਤਲੁਜ ਦਰਿਆ ਅਤੇ ਹੋਰਨਾਂ ਥਾਵਾਂ ’ਤੇ ਨਾਜਾਇਜ਼ ਮਾਈਨਿੰਗ ਕਾਰਨ ਅੱਜ ਆਮ ਲੋਕਾਂ ਨੂੰ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਨਾਜਾਇਜ਼ ਮਾਈਨਿੰਗ ਕਾਰਨ ਦਰਿਆਵਾਂ ਦੇ ਬੰਨ੍ਹ ਨਾਜ਼ੁਕ ਹੋ ਗਏ ਅਤੇ ਲੋਕਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ।