ਬਾਰਿਸ਼ ਕਾਰਨ ਪੋਲਟਰੀ ਫਾਰਮ ਦੀ ਕੰਧ ਡਿੱਗੀ, ਲੱਖਾਂ ਦਾ ਹੋਇਆ ਨੁਕਸਾਨ

ਤਪਾ ਮੰਡੀ (ਬਰਨਾਲਾ), 4 ਸਤੰਬਰ (ਵਿਜੇ ਸ਼ਰਮਾ)-ਤਪਾ ਖੇਤਰ ਅੰਦਰ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਤੇਜ਼ ਬਾਰਿਸ਼ਾਂ ਦੇ ਚੱਲਦਿਆਂ ਚਾਰ-ਚੁਫੇਰੇ ਜਲਥਲ ਹੋਣ ਕਾਰਨ ਘਰਾਂ ਦੀਆਂ ਛੱਤਾਂ ਡਿੱਗੀਆਂ ਤੇ ਘਰਾਂ ਵਿਚ ਤਰੇੜਾਂ ਆ ਗਈਆਂ, ਜਿਸ ਕਰਕੇ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋ ਚੁੱਕਿਆ ਹੈ, ਜਿਸ ਕਰਕੇ ਲੋਕ ਮੁਸ਼ਕਿਲ ਵਿਚ ਹਨ। ਇਸੇ ਲੜੀ ਤਹਿਤ ਆਲੀਕੇ ਰੋਡ ਉਤੇ ਸਥਿਤ ਟਿੰਕੂ ਪੋਲਟਰੀ ਫਾਰਮ ਵਿਖੇ ਤੇਜ਼ ਬਰਸਾਤ ਦੇ ਚੱਲਦਿਆਂ ਫ਼ਾਰਮ ਦੀ ਕੰਧ ਡਿੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਪਤਾ ਚਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਲੀਕੇ ਰੋਡ ਉਤੇ ਸਥਿਤ ਟਿੰਕੂ ਪੋਲਟਰੀ ਫਾਰਮ ਦੇ ਖਵਾਇਸ਼ ਕੁਮਾਰ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਬਰਸਾਤ ਕਾਰਨ ਪੋਲਟਰੀ ਫਾਰਮ ਦੀ ਬਾਊਂਡਰੀ ਵਾਲ ਕੰਧ ਜਿਸਦੀ ਲਗਭਗ 500 ਫੁੱਟ ਲੰਬਾਈ ਹੈ ਅਤੇ 6 ਫੁੱਟ ਕੰਧ ਉੱਚੀ ਹੈ, ਦੇ ਡਿੱਗਣ ਕਾਰਨ ਭਾਵੇਂ ਜਾਨੀ ਨੁਕਸਾਨ ਤੋਂ ਬਚਾਅ ਰਹਿ ਗਿਆ ਪਰ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ।