ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਵਰ੍ਹਦੇ ਮੀਂਹ 'ਚ ਘੱਗਰ ਦਰਿਆ ਦੇ ਕੰਢਿਆਂ ਦਾ ਲਿਆ ਜਾਇਜ਼ਾ

ਖਨੌਰੀ, 4 ਸਤੰਬਰ (ਬਲਵਿੰਦਰ ਸਿੰਘ ਥਿੰਦ)-ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਹਲਕਾ ਲਹਿਰਾਗਾਗਾ ਦੇ ਘੱਗਰ ਦਰਿਆ ਨਾਲ ਲੱਗਦੇ ਇਲਾਕਿਆਂ ਦੇ ਲੋਕਾਂ ਦੀ ਹਿਫਾਜ਼ਤ ਲਈ ਲਗਾਤਾਰ ਯਤਨਸ਼ੀਲ ਹਨ। ਅੱਜ ਉਹ ਪੂਰਾ ਦਿਨ ਵਰ੍ਹਦੇ ਮੀਂਹ ਵਿਚ ਘੱਗਰ ਦਰਿਆ ਦੇ ਕੰਢਿਆਂ ਦਾ ਜਾਇਜ਼ਾ ਲੈਂਦੇ ਰਹੇ। ਇਸ ਦੌਰੇ ਉਨ੍ਹਾਂ ਨੇ ਖੁਦ ਪਹੁੰਚ ਕੇ ਕਮਜ਼ੋਰ ਕੰਢਿਆਂ ਉੱਤੇ ਰੇਤ ਦੀਆਂ ਬੋਰੀਆਂ ਲਗਵਾਈਆਂ। ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੇ ਨਿੱਜੀ ਸਹਾਇਕ ਰਾਕੇਸ਼ ਕੁਮਾਰ ਗੁਪਤਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਉਨ੍ਹਾਂ ਨੇ ਮੰਡਵੀ, ਚਾਂਦੂ, ਅਨਦਾਨਾ, ਖਨੌਰੀ ਅਤੇ ਘੱਗਰ ਨਾਲ ਲੱਗਦੇ ਕਈ ਇਲਾਕਿਆਂ ਦਾ ਦੌਰਾ ਕੀਤਾ। ਦੱਸਣਯੋਗ ਹੈ ਕਿ ਅੱਜ ਕਈ ਪਿੰਡਾਂ ਵਾਲਿਆਂ ਨੇ ਖਦਸ਼ਾ ਪ੍ਰਗਟਾਇਆ ਕਿ ਉਨ੍ਹਾਂ ਦੇ ਇਲਾਕਿਆਂ ਵਿਚ ਪਾੜ ਪੈਣ ਦਾ ਡਰ ਹੈ ਤਾਂ ਉਹ ਤੁਰੰਤ ਲੋਕਾਂ ਦੀ ਮਦਦ ਲਈ ਖੁਦ ਪਹੁੰਚ ਗਏ। ਇਸ ਦੌਰਾਨ ਉਨ੍ਹਾਂ ਨਾਲ ਵਿਭਾਗ ਦੀ ਸਮੁੱਚੀ ਟੀਮ ਦੇ ਨਾਲ-ਨਾਲ ਸਿਵਲ ਅਤੇ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ।