ਕਾਲੀ ਵੇਈਂ ਦੀ ਸਫ਼ਾਈ ਨਾ ਹੋਣ ਕਾਰਨ ਹੋਈ ਕਈ ਏਕੜ ਫ਼ਸਲ ਖ਼ਰਾਬ- ਸੁਖਪਾਲ ਸਿੰਘ ਖਹਿਰਾ

ਭੁਲੱਥ, (ਕਪੂਰਥਲਾ), 6 ਸਤੰਬਰ (ਮੇਹਰ ਚੰਦ ਸਿੱਧੂ)- ਸਬ ਡਵੀਜ਼ਨ ਕਸਬਾ ਭੁਲੱਥ ਤੋਂ ਥੋੜੀ ਦੂਰੀ ’ਤੇ ਪੈਂਦੇ ਪਿੰਡ ਮਾਨਾ ਤਲਵੰਡੀ ਨਜ਼ਦੀਕ ਖੱਸਣ ਕਾਲੀ ਵੇਈਂ ’ਤੇ ਸਥਿਤ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਦੋ ਦਿਨਾਂ ਤੋਂ ਬਾਰਿਸ਼ ਨਹੀਂ ਹੋਈ, ਲੇਕਿਨ ਹਲੇ ਤੱਕ ਵੀ ਹਜ਼ਾਰਾਂ ਏਕੜ ਰਕਬੇ ਵਿਚ ਪਾਣੀ ਚੱਲ ਰਿਹਾ ਹੈ, ਜਿਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਇਸ ਵੇਈਂ ਦੀ ਸਫ਼ਾਈ ਸਰਕਾਰ ਨੇ ਨਹੀਂ ਕਰਵਾਈ, ਜੇਕਰ ਸਰਕਾਰ ਵਲੋਂ ਸਮੇਂ ਸਿਰ ਸਫ਼ਾਈ ਕਰਵਾਈ ਹੁੰਦੀ ਤਾਂ ਵੇਈਂ ਵਿਚ ਭਰਿਆ ਪਾਣੀ ਜ਼ਿਆਦਾ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਨਾ ਕਰਦਾ ਤੇ ਪਾਣੀ ਵੇਈਂ ਦੇ ਰਕਬੇ ਵਿਚ ਹੀ ਚੱਲਦਾ ਰਹਿੰਦਾ। ਉਨ੍ਹਾਂ ਕਿਹਾ ਕਿ ਵੇਈਂ ਦੀ ਸਫ਼ਾਈ ਨਾ ਹੋਣ ਕਰਕੇ ਕਈ ਏਕੜ ਕਿਸਾਨਾਂ ਦੀ ਫ਼ਸਲਾਂ ਦੀ ਤਬਾਹੀ ਹੋਈ ਹੈ ਤੇ ਲੋਕਾਂ ਦਾ ਸਰਕਾਰ ਨੂੰ ਪੁੱਛਣਾ ਬਣਦਾ ਹੈ ਕਿ ਬਾਰਿਸ਼ਾਂ ਦੇ ਮੌਸਮ ਤੋਂ ਪਹਿਲਾਂ ਵੇਈਂ ਦੀ ਸਫ਼ਾਈ ਕਿਉਂ ਨਹੀਂ ਕਰਵਾਈ ਗਈ।