ਜਲਾਲਾਬਾਦ ਨੂੰ ਵੱਡੀ ਸੌਗਾਤ, 10.68 ਕਰੋੜ ਨਾਲ ਪਾਣੀ ਦੀ ਪਾਈਪ ਪਾਉਣ ਦਾ ਪ੍ਰੋਜੈਕਟ ਸ਼ੁਰੂ

ਮੰਡੀ ਲਾਧੂਕਾ, 8 ਸਤੰਬਰ (ਮਨਪ੍ਰੀਤ ਸਿੰਘ ਸੈਣੀ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਜਲਾਲਾਬਾਦ ਸ਼ਹਿਰ ਨੂੰ ਅੱਜ ਇਕ ਵੱਡੀ ਸੌਗਾਤ ਦਿੱਤੀ ਹੈ। ਸ਼ਹਿਰ ਦੇ ਹਰੇਕ ਘਰ ਤੱਕ ਸਾਫ ਪੀਣ ਦਾ ਪਾਣੀ ਪਹੁੰਚੇ ਇਸ ਲਈ ਪਾਈਪ ਲਾਈਨ ਪਾਉਣ ਦੇ ਪ੍ਰੋਜੈਕਟ ਦੀ ਸ਼ੁਰੂਆਤ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਰਵਾਈ ਹੈ। ਇਸ ਮੌਕੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਦੱਸਿਆ ਕਿ ਇਹ ਜਲਾਲਾਬਾਦ ਸ਼ਹਿਰ ਦੀ ਬਹੁਤ ਪੁਰਾਣੀ ਮੰਗ ਸੀ। ਪੁਰਾਣੀ ਪਾਈਪਲਾਈਨ ਥਾਂ-ਥਾਂ ਤੋਂ ਟੁੱਟੀ ਹੋਈ ਸੀ, ਜਿਸ ਕਾਰਨ ਇਸ ਵਿਚ ਸੀਵਰੇਜ ਦਾ ਪਾਣੀ ਮਿਲ ਕੇ ਲੋਕਾਂ ਦੇ ਘਰਾਂ ਤੱਕ ਆਉਣ ਦੀਆਂ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਸਨ ਜਦਕਿ ਬਹੁਤ ਸਾਰੇ ਇਲਾਕੇ ਅਜਿਹੇ ਵੀ ਸਨ ਜਿਥੇ ਪਹਿਲਾਂ ਉੱਕਾ ਹੀ ਪਾਈਪ ਲਾਈਨ ਨਹੀਂ ਸੀ।
ਇਸ ਲਈ ਸੂਬਾ ਸਰਕਾਰ ਨੇ ਇਹ ਮਹੱਤਵਪੂਰਨ ਪ੍ਰੋਜੈਕਟ ਉਲੀਕਿਆ ਹੈ। ਮੁੱਖ ਮੰਤਰੀ, ਪੰਜਾਬ ਦੀ ਯੋਗ ਰਹਿਨੁਮਾਈ ਹੇਠ ਅਤੇ ਡਾ. ਰਵਜੋਤ ਸਿੰਘ, ਕੈਬਨਿਟ ਮੰਤਰੀ, ਸਥਾਨਕ ਸਰਕਾਰਾਂ ਵਿਭਾਗ ਅਤੇ ਸੰਸਦੀ ਮਾਮਲੇ, ਪੰਜਾਬ ਦੀ ਸਰਪ੍ਰਸਤੀ ਹੇਠ ਜਗਦੀਪ ਕੰਬੋਜ ਗੋਲਡੀ ਹਲਕਾ ਵਿਧਾਇਕ ਜਲਾਲਾਬਾਦ ਵਲੋਂ ਉਨ੍ਹਾਂ ਦੇ ਅਣਥੱਕ ਯਤਨਾਂ ਸਦਕਾ ਜਲਾਲਾਬਾਦ ਵਿਖੇ ਵਾਟਰ ਸਪਲਾਈ ਦੀਆਂ ਪਾਈਪ ਲਾਈਨਾਂ ਪਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ। ਜ਼ਿਕਰਯੋਗ ਹੈ ਕਿ ਇਸ ਹਲਕੇ ਦਾ ਇਹ ਕੰਮ ਵੱਡੇ ਆਗੂਆਂ ਵੇਲੇ ਵੀ ਨਹੀਂ ਸੀ ਹੋਇਆ, ਉਹ ਕੰਮ ਆਮ ਪਰਿਵਾਰ ਤੋਂ ਵਿਧਾਇਕ ਬਣੇ ਜਗਦੀਪ ਕੰਬੋਜ ਗੋਲਡੀ ਨੇ ਸ਼ੁਰੂ ਕਰਵਾ ਦਿੱਤਾ ਹੈ।
ਇਸ ਮੌਕੇ ਹਰੀਸ਼ ਸੇਤੀਆ, ਮਨਜੀਤ ਸਿੰਘ ਦਰਗਨ, ਪ੍ਰਦੀਪ ਚੁੱਘ, ਚਰਨਜੀਤ ਕੰਬੋਜ, ਬੱਬੂ ਡੋਡਾ, ਸੰਜੀਵ ਪਰੂਥੀ, ਐੱਸ.ਡੀ.ਓ. ਸੀਵਰੇਜ ਬੋਰਡ ਲੱਖਪਤ ਰਾਏ, ਜੇ.ਈ. ਰੱਜਤ ਸਿਡਾਨਾ, ਨਗਰ ਕੌਂਸਲ ਜੇ.ਈ. ਸੁਖਪਾਲ ਸਿੰਘ ਵੀ ਹਾਜ਼ਰ ਸਨ। ਵਿਧਾਇਕ ਗੋਲਡੀ ਨੇ ਦੱਸਿਆ ਕਿ ਇਸ ਪ੍ਰਜੈਕਟ ਅਧੀਨ ਲਗਭਗ 21 ਕਿਲੋਮੀਟਰ ਡੀ.ਆਈ.ਕੇ-7 ਪਾਣੀ ਦੀ ਪਾਈਪ ਪਾਈ ਜਾਣੀ ਹੈ, 2050 ਘਰੇਲੂ ਪਾਣੀ ਦੇ ਕੁਨੈਕਸ਼ਨ ਕਰਵਾਏ ਜਾਣੇ ਹਨ। ਇਸ ਸਕੀਮ ਅਧੀਨ ਗੋਬਿੰਦ ਨਗਰੀ, ਆਦਰਸ਼ ਨਗਰ, ਲੱਲਾ ਬਸਤੀ, ਫਾਜ਼ਿਲਕਾ-ਫਿਰੋਜ਼ਪੁਰ ਰੋਡ, ਜਲਾਲਾਬਦ-ਸ੍ਰੀ ਮੁਕਤਸਰ ਸਾਹਿਬ ਰੋਡ, ਜਲਾਲਾਬਾਦ ਬਾਹਮਣੀ ਰੋਡ, ਬਾਹਮਣੀ ਬਾਜ਼ਾਰ, ਮੇਨ ਬਾਜ਼ਾਰ ਸਾਹਮਣੇ ਸ਼ਹੀਦ ਊਧਮ ਸਿੰਘ ਪਾਰਕ, ਜੰਮੂ ਬਸਤੀ ਅਤੇ ਤਹਿਸੀਲ ਕੰਪਲੈਕਸ ਦੇ ਨਾਲ ਲੱਗਦੀਆਂ ਗਲੀਆਂ ਆਦਿ ਵੱਖ-ਵੱਖ ਇਲਾਕੇ ਸ਼ਾਮਿਲ ਹਨ, ਜਿਸ ਨਾਲ ਸਬੰਧਿਤ ਇਲਾਕਾ ਨਿਵਾਸੀਆਂ ਨੂੰ ਪੀਣ ਵਾਲਾ ਸਾਫ-ਸੁਥਰਾ ਪਾਣੀ ਅਤੇ ਚੰਗੀ ਸਿਹਤ ਪ੍ਰਦਾਨ ਕਰਨ ਵਿਚ ਸਹਾਈ ਹੋਵੇਗਾ। ਵਿਧਾਇਕ ਨੇ ਇਹ ਵੀ ਕਿਹਾ ਕਿ ਇਸ ਪ੍ਰੋਜੈਕਟ ਦੌਰਾਨ ਪਾਈਪ ਲਾਈਨ ਪਾਉਣ ਲਈ ਜੋ ਸੜਕਾਂ ਦੀ ਪੁਟਾਈ ਕੀਤੀ ਜਾਵੇਗੀ, ਉਸ ਨੂੰ ਵੀ ਨਾਲੋਂ-ਨਾਲ ਠੀਕ ਕੀਤਾ ਜਾਵੇਗਾ।