ਤਰਨਤਾਰਨ ਵਿਚ ਹੋਇਆ ਇਨਕਾਊਂਟਰ

ਅਮਰਕੋਟ, 25 ਸਤੰਬਰ (ਭੱਟੀ)-ਨਜ਼ਦੀਕੀ ਪਿੰਡ ਦਾਸੂਵਾਲ ਵਿਖੇ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਹੋਏ ਮੁਕਾਬਲੇ ਦੌਰਾਨ ਗੋਲੀ ਲੱਗਣ ਨਾਲ ਚਾਰ ਗੈਂਗਸਟਰ ਜ਼ਖ਼ਮੀ ਹੋ ਗਏ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿਚੋਂ ਇਕ 315 ਬੋਰ ਦੀ ਰਾਈਫ਼ਲ, 30 ਬੋਰ ਦਾ ਪਿਸਤੌਲ ਅਤੇ ਇਕ 12 ਬੋਰ ਰਾਈਫ਼ਲ ਬਰਾਮਦ ਕੀਤੀ ਹੈ। ਪੁਲਿਸ ਮੁਕਾਬਲੇ ਦੌਰਾਨ ਗੈਂਗਸਟਰਾਂ ਦੇ ਕੁਝ ਸਾਥੀ ਮੌਕੇ ਤੋਂ ਫਰਾਰ ਹੋਣ ਵਿਚ ਕਾਮਯਾਬ ਹੋ ਗਏ ਜਿਨ੍ਹਾਂ ਦੀ ਪੁਲਿਸ ਭਾਲ ਕਰ ਰਹੀ ਹੈ। ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਚੋਪੜਾ ਕਲੀਨਿਕ ਭਿੱਖੀਵਿੰਡ ਅਤੇ ਸੰਤ ਕਬੀਰ ਸੇਂਟ ਸੋਲਜਰ ਸਕੂਲ ਦਾਸੂਵਾਲ ਵਿਖੇ ਗੈਂਗਸਟਰਾਂ ਵਲੋਂ ਗੋਲੀਆਂ ਚਲਾਈਆਂ ਗਈਆਂ ਸਨ ਜਿਨ੍ਹਾਂ ਦਾ ਪਿੱਛਾ ਕਰਦੀ ਹੋਈ ਪੁਲਿਸ ਦਾਸੂਵਾਲ ਵਿਖੇ ਪਹੁੰਚੀ ਅਤੇ ਗੈਂਗਸਟਰਾਂ ਵਲੋਂ ਪੁਲਿਸ ਪਾਰਟੀ ’ਤੇ ਗੋਲੀ ਚਲਾਉਣ ਤੋਂ ਬਾਅਦ ਪੁਲਿਸ ਵਲੋਂ ਜਵਾਬੀ ਗੋਲੀਬਾਰੀ ਦੌਰਾਨ ਤਿੰਨ ਗੈਂਗਸਟਰਾਂ ਦੀਆਂ ਲੱਤਾਂ ’ਤੇ ਗੋਲੀਆਂ ਲੱਗੀਆਂ ਅਤੇ ਇਕ ਗੈਂਗਸਟਰ ਦੇ ਬਾਂਹ ’ਤੇ ਗੋਲੀ ਲੱਗੀ। ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ।