ਪ੍ਰਧਾਨ ਮੰਤਰੀ ਮੋਦੀ ਨੇ ਗਾਜ਼ਾ ਵਿਚ ਟਰੰਪ ਦੇ ਸ਼ਾਂਤੀ ਯਤਨਾਂ ਦੀ ਕੀਤੀ ਸ਼ਲਾਘਾ

ਨਵੀਂ ਦਿੱਲੀ, 4 ਅਕਤੂਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਾਜ਼ਾ ਵਿਚ ਸ਼ਾਂਤੀ ਯਤਨਾਂ ਦੀ ਅਗਵਾਈ ਕਰਨ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪ੍ਰਸ਼ੰਸਾ ਕੀਤੀ ਹੈ। ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਇਕ ਪੋਸਟ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਲਿਖਿਆ ਕਿ ਗਾਜ਼ਾ ਸ਼ਾਂਤੀ ਯਤਨਾਂ ਵਿਚ ਫ਼ੈਸਲਾਕੁੰਨ ਪ੍ਰਗਤੀ ਦੇ ਵਿਚਕਾਰ, ਅਸੀਂ ਰਾਸ਼ਟਰਪਤੀ ਟਰੰਪ ਦੀ ਅਗਵਾਈ ਦਾ ਸਵਾਗਤ ਕਰਦੇ ਹਾਂ। ਬੰਧਕਾਂ ਦੀ ਰਿਹਾਈ ਦੇ ਸੰਕੇਤ ਇਕ ਮਹੱਤਵਪੂਰਨ ਕਦਮ ਹਨ। ਉਨ੍ਹਾਂ ਕਿਹਾ ਕਿ ਭਾਰਤ ਇਕ ਸਥਾਈ ਅਤੇ ਨਿਆਂਪੂਰਨ ਸ਼ਾਂਤੀ ਵੱਲ ਸਾਰੇ ਯਤਨਾਂ ਦਾ ਜ਼ੋਰਦਾਰ ਸਮਰਥਨ ਜਾਰੀ ਰੱਖੇਗਾ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗਾਜ਼ਾ ਵਿਚ ਜੰਗਬੰਦੀ ਲਈ 20 ਨੁਕਾਤੀ ਸ਼ਾਂਤੀ ਪ੍ਰਸਤਾਵ ਤਿਆਰ ਕੀਤਾ, ਜਿਸ ਨੂੰ ਇਜ਼ਰਾਈਲ ਨੇ ਸਵੀਕਾਰ ਕਰ ਲਿਆ ਹੈ। ਹਮਾਸ ਨੇ ਬੰਧਕਾਂ ਦੀ ਰਿਹਾਈ ਅਤੇ ਗਾਜ਼ਾ ਦੇ ਸ਼ਾਸਨ ਨੂੰ ਹੋਰ ਫਲਸਤੀਨੀਆਂ ਨੂੰ ਤਬਦੀਲ ਕਰਨ ਲਈ ਵੀ ਸਹਿਮਤੀ ਦਿੱਤੀ। ਹਾਲਾਂਕਿ ਹਮਾਸ ਨੇ ਕਿਹਾ ਹੈ ਕਿ ਸ਼ਾਂਤੀ ਪ੍ਰਸਤਾਵ ਦੇ ਕਈ ਹੋਰ ਬਿੰਦੂਆਂ ’ਤੇ ਫੈਸਲੇ ਚਰਚਾ ਤੋਂ ਬਾਅਦ ਲਏ ਜਾਣਗੇ। ਟਰੰਪ ਨੇ ਸ਼ਾਂਤੀ ਪ੍ਰਸਤਾਵ ’ਤੇ ਫ਼ੈਸਲਾ ਲੈਣ ਲਈ ਹਮਾਸ ਨੂੰ ਐਤਵਾਰ ਸ਼ਾਮ 6 ਵਜੇ ਤੱਕ ਅਲਟੀਮੇਟਮ ਦਿੱਤਾ ਸੀ। ਟਰੰਪ ਨੇ ਧਮਕੀ ਦਿੱਤੀ ਸੀ ਕਿ ਜੇਕਰ ਹਮਾਸ ਨੇ ਸ਼ਾਂਤੀ ਪ੍ਰਸਤਾਵ ਨੂੰ ਸਵੀਕਾਰ ਨਹੀਂ ਕੀਤਾ, ਤਾਂ ਉਸਨੂੰ ਵੱਡੀ ਕੀਮਤ ਚੁਕਾਉਣੀ ਪਵੇਗੀ।
ਟਰੰਪ ਦੀ ਧਮਕੀ ਤੋਂ ਬਾਅਦ ਹਮਾਸ ਇਜ਼ਰਾਈਲੀ ਬੰਧਕਾਂ ਨੂੰ ਰਿਹਾਅ ਕਰਨ ਲਈ ਸਹਿਮਤ ਹੋ ਗਿਆ ਹੈ। ਜਦੋਂ ਕਿ ਕਈ ਨੁਕਤਿਆਂ ’ਤੇ ਫੈਸਲਾ ਹੋਣਾ ਬਾਕੀ ਹੈ, ਬੰਧਕਾਂ ਦੀ ਰਿਹਾਈ ਗਾਜ਼ਾ ਵਿਚ ਸ਼ਾਂਤੀ ਲਿਆਉਣ ਵੱਲ ਇਕ ਵੱਡਾ ਕਦਮ ਦਰਸਾਉਂਦੀ ਹੈ। ਹਮਾਸ ਕੋਲ ਇਸ ਸਮੇਂ 48 ਇਜ਼ਰਾਈਲੀ ਬੰਧਕ ਹਨ, ਜਿਨ੍ਹਾਂ ਵਿਚੋਂ ਲਗਭਗ 20 ਦੀ ਮੌਤ ਹੋ ਚੁੱਕੀ ਹੈ। ਬੰਧਕਾਂ ਨੂੰ 72 ਘੰਟਿਆਂ ਦੇ ਅੰਦਰ ਰਿਹਾਅ ਕੀਤਾ ਜਾਣਾ ਹੈ। ਬਦਲੇ ਵਿਚ ਇਜ਼ਰਾਈਲ ਗਾਜ਼ਾ ਵਿਚ ਹਮਲੇ ਬੰਦ ਕਰਨ ਲਈ ਸਹਿਮਤ ਹੋ ਗਿਆ ਹੈ। ਇਸ ਵਿਚ ਗਾਜ਼ਾ ਤੋਂ ਇਜ਼ਰਾਈਲੀ ਫੌਜਾਂ ਦੀ ਪੜਾਅਵਾਰ ਵਾਪਸੀ ਵੀ ਸ਼ਾਮਿਲ ਹੈ।