ਕੇਂਦਰ ਦੀ 7 ਮੈਂਬਰੀ ਟੀਮ ਵਲੋਂ ਹੜ੍ਹ ਪ੍ਰਭਾਵਿਤ ਮੰਡ ਖੇਤਰ ਦੇ ਪਿੰਡਾਂ ਦਾ ਦੌਰਾ
ਕਪੂਰਥਲਾ/ਸੁਲਤਾਨਪੁਰ ਲੋਧੀ, 10 ਨਵੰਬਰ (ਅਮਰਜੀਤ ਕੋਮਲ, ਨਰੇਸ਼ ਹੈਪੀ, ਥਿੰਦ) - ਕੇਂਦਰ ਦੀ 7 ਮੈਂਬਰੀ ਟੀਮ ਨੇ ਅੱਜ ਜ਼ਿਲ੍ਹਾ ਕਪੂਰਥਲਾ ਦੇ ਹੜ੍ਹ ਨਾਲ ਪ੍ਰਭਾਵਿਤ ਹੋਏ ਖੇਤਰਾਂ ਮੰਡ ਖੇਤਰ ਦੇ ਪਿੰਡਾਂ ਬਾਊਪੁਰ, ਰਾਮਪੁਰ ਗੌਰੇ ਆਦਿ ਦਾ ਦੌਰਾ ਕਰਕੇ ਕਿਸਾਨਾਂ ਤੇ ਹੋਰ ਲੋਕਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਇਸ ਟੀਮ ਵਿਚ ਡਾ. ਐਮ.ਐਮ. ਦਲਬਹਿਰਾ ਤੇ ਡਾ. ਐਸ. ਗਣੇਸ਼ ਕੁਮਾਰ ਦੋਵੇਂ ਪ੍ਰਮੁੱਖ ਵਿਗਿਆਨੀ ਸੀ.ਐਸ.ਆਈ.ਆਰ., ਮਹਿੰਦਰਾ ਰਾਜਾ ਰਮਨ ਡੀ.ਆਰ.ਆਰ. ਅਧਿਕਾਰੀ ਦੱਖਣੀ ਐਮ.ਏ. ਦਸਾਰਾਥੀ, ਡਾ. ਪ੍ਰੇਮਾ ਸਿੰਘ ਦੋਵੇਂ ਤਕਨੀਕੀ ਮਾਹਿਰ ਐਨ.ਡੀ.ਐਮ.ਏ., ਅਮਰਜੀਤ ਕੁਮਾਰ ਸਹਾਇਕ ਪ੍ਰੋਫੈਸਰ ਐਨ.ਆਈ.ਡੀ.ਐਮ. ਤੇ ਸੀ.ਪੀ. ਮੋਹਨ ਤਕਨੀਕੀ ਮਾਹਿਰ ਐਨ.ਡੀ.ਐਮ.ਏ. ਸ਼ਾਮਿਲ ਸਨ ਨੇ ਮੰਡ ਖੇਤਰ ਦੇ ਦੌਰੇ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ, ਵਧੀਕ ਡਿਪਟੀ ਕਮਿਸ਼ਨਰ ਨਵਨੀਤ ਕੌਰ ਬੱਲ, ਨਗਰ ਨਿਗਮ ਦੀ ਕਮਿਸ਼ਨਰ ਅਨੂਪਮ ਕਲੇਰ ਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਜ਼ਿਲ੍ਹੇ ਵਿਚ ਹੜ੍ਹ ਨਾਲ ਸਕੂਲਾਂ, ਹਸਪਤਾਲਾਂ, ਸੜਕਾਂ, ਫ਼ਸਲਾਂ, ਜ਼ਮੀਨਾਂ ਤੇ ਪਸ਼ੂ ਧਨ ਆਦਿ ਹੋਏ ਨੁਕਸਾਨ ਬਾਰੇ ਜਾਣਕਾਰੀ ਹਾਸਲ ਕੀਤੀ ।ਡਿਪਟੀ ਕਮਿਸ਼ਨਰ ਨੇ ਕੇਂਦਰੀ ਟੀਮ ਦੇ ਮੈਂਬਰਾਂ ਨੂੰ ਦੱਸਿਆ ਕਿ ਜ਼ਿਲ੍ਹੇ ਵਿਚ ਹੋਈ ਵਿਸ਼ੇਸ਼ ਗਿਰਦਾਵਰੀ ਤੋਂ ਬਾਅਦ ਵਿਸਥਾਰਤ ਰਿਪੋਰਟ ਪੰਜਾਬ ਸਰਕਾਰ ਨੂੰ ਸੌਂਪੀ ਜਾ ਚੁੱਕੀ ਹੈ । ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਵਿਚ ਹੜ੍ਹ ਨਾਲ ਵੱਡਾ ਨੁਕਸਾਨ ਹੋਇਆ, ਜਿਸ ਦਾ ਪੰਜਾਬ ਸਰਕਾਰ ਵਲੋਂ ਬਣਦਾ ਮੁਆਵਜ਼ਾ ਆਪਣੇ ਤੌਰ 'ਤੇ ਦਿੱਤਾ ਜਾ ਰਿਹਾ ਹੈ । ਡਿਪਟੀ ਕਮਿਸ਼ਨਰ ਨੇ ਵਿਸ਼ੇਸ਼ ਤੌਰ 'ਤੇ ਖੇਤੀਬਾੜੀ, ਪੰਜਾਬ ਰਾਜ ਮੰਡੀ ਬੋਰਡ ਤੇ ਲੋਕ ਨਿਰਮਾਣ ਵਿਭਾਗ ਦੇ ਬੁਨਿਆਦੀ ਢਾਂਚੇ ਨੂੰ ਹੋਏ ਨੁਕਸਾਨ ਬਾਰੇ ਵੀ ਕੇਂਦਰੀ ਟੀਮ ਨੂੰ ਜਾਣੂ ਕਰਵਾਇਆ ।
;
;
;
;
;
;
;
;