JALANDHAR WEATHER

ਇਸਲਾਮ ਕਬੂਲ ਕਰ ਨੂਰ ਹੁਸੈਨ ਬਣੀ ਸਰਬਜੀਤ ਕੌਰ ਨੂੰ 2 ਵਜੇ ਸ਼ੇਖੂਪੁਰਾ ਅਦਾਲਤ ਵਿਚ ਕੀਤਾ ਜਾਵੇਗਾ ਪੇਸ਼

ਅੰਮ੍ਰਿਤਸਰ, 15 ਨਵੰਬਰ (ਸੁਰਿੰਦਰ ਕੋਛੜ)- ਪਾਕਿਸਤਾਨ 'ਚ ਇਸਲਾਮ ਧਰਮ ਕਬੂਲ ਕਰ ਕੇ ਨੂਰ ਹੁਸੈਨ ਬਣੀ ਭਾਰਤੀ ਔਰਤ ਸਰਬਜੀਤ ਕੌਰ ਨੂੰ ਅੱਜ ਪਾਕਿਸਤਾਨੀ ਸਮੇਂ ਮੁਤਾਬਿਕ 2 ਅਜੇ ਸ਼ੇਖੂਪੁਰਾ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ। ਨੂਰ ਹੁਸੈਨ ਦੇ ਕਥਿਤ ਪਾਕਿਸਤਾਨੀ ਪਤੀ ਨਾਸਿਰ ਹੁਸੈਨ ਦੇ ਵਕੀਲਾਂ ਮੁਤਾਬਿਕ ਉਹ ਸਰਬਜੀਤ ਕੌਰ ਨੂੰ ਪਾਕਿਸਤਾਨ ਦੀ ਨਾਗਰਿਕਤਾ ਦੇਣ ਅਤੇ ਉਸ ਦਾ ਵੀਜ਼ਾ ਵਧਾਉਣ ਦੀ ਮੰਗ ਕਰਨਗੇ ਜਦੋਂਕਿ ਐਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਵਕੀਲ ਭਾਰਤੀ ਔਰਤ ਨੂੰ ਵਾਪਸ ਭਾਰਤ ਭੇਜਣ ਦੀ ਮੰਗ ਕਰਨਗੇ।

ਦਸਣਯੋਗ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਥੇ ਨਾਲ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਪਹੁੰਚੀ ਉਕਤ ਭਾਰਤੀ ਔਰਤ ਸਰਬਜੀਤ ਕੌਰ 4 ਨਵੰਬਰ ਨੂੰ ਸ੍ਰੀ ਨਨਕਾਣਾ ਸਾਹਿਬ ਪਹੁੰਚਣ ਦੇ ਤੁਰੰਤ ਬਾਅਦ ਉੱਥੋਂ ਫ਼ਰਾਰ ਹੋ ਗਈ ਸੀ। ਇਸ ਤੋਂ ਬਾਅਦ ਅਗਲੇ ਹੀ ਦਿਨ ਉਸ ਨੇ ਜ਼ਿਲ੍ਹਾ ਸ਼ੇਖੂਪੁਰਾ ਦੇ ਨਾਸਿਰ ਹੁਸੈਨ ਨਾਲ ਦੋ ਗਵਾਹਾਂ ਮੁੱਲਾ ਤਾਰਿਕ ਅਲੀ ਵਾਸੀ ਫੈਸਲਾਬਾਦ ਅਤੇ ਹਾਫ਼ਿਜ਼ ਵਾਸੀ ਹਾਫ਼ਿਜਾਬਾਦ ਦੀ ਹਾਜ਼ਰੀ ਵਿਚ ਨਿਕਾਹ ਪੜ੍ਹਾਇਆ।

ਪਾਕਿ ਵਲੋਂ ਜਾਰੀ ਕੀਤੇ ਗਏ ਨਿਕਾਹਨਾਮਾ ਮੁਤਾਬਿਕ ਸਰਬਜੀਤ ਕੌਰ ਇਸਲਾਮ ਧਰਮ ਅਪਣਾ ਕੇ ਨੂਰ ਹੁਸੈਨ ਬਣ ਚੁੱਕੀ ਹੈ। ਉਸ ਦੇ ਬਾਰੇ ਵਿਚ ਭਾਰਤੀ ਅਤੇ ਤਲਾਕਸ਼ੁਦਾ ਲਿਖਿਆ ਹੋਇਆ ਹੈ। ਨਿਕਾਹ ਮੌਕੇ ਨਾਸਿਰ ਹੁਸੈਨ ਵਲੋਂ 10 ਹਜ਼ਾਰ ਰੁਪਏ ਹੱਕ ਮਿਹਰ ਸਵੀਕਾਰ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਨੇ ਪਾਕਿਸਤਾਨੀ ਅਦਾਲਤ ਕੋਲੋਂ ਸੁਰੱਖਿਆ ਦੀ ਵੀ ਮੰਗ ਕੀਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ