JALANDHAR WEATHER

ਜ਼ੀਰਕਪੁਰ 'ਚ ਨਿੱਜੀ ਬੱਸ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ

ਜ਼ੀਰਕਪੁਰ, 15 ਨਵੰਬਰ, (ਹੈਪੀ ਪੰਡਵਾਲਾ)- ਸਥਾਨਕ ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹਰਾਹ ’ਤੇ ਸਿੰਘਪੁਰਾ ਫ਼ਲਾਈਓਵਰ ‘ਤੇ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਆਗਰਾ ਤੋਂ ਅੰਮ੍ਰਿਤਸਰ ਜਾ ਰਹੀ ਇਕ ਨਿੱਜੀ ਬੱਸ ਵਿਚ ਅਚਾਨਕ ਅੱਗ ਲੱਗ ਗਈ। ਬੱਸ ਵਿਚ ਕਈ ਯਾਤਰੀ ਸਵਾਰ ਸਨ ਅਤੇ ਅੱਗ ਲੱਗਣ ਨਾਲ ਲੋਕਾਂ ਵਿਚ ਚੀਕ ਪੁਕਾਰ ਮਚ ਗਈ। ਹਾਲਾਂਕਿ ਡਰਾਈਵਰ ਦੀ ਵਰਤੀ ਗਈ ਸੂਝਬੂਝ ਨਾਲ ਸਾਰੇ ਮੁਸਾਫਿਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ, ਜਿਸ ਨਾਲ ਵੱਡੀ ਘਟਨਾ ਤੋਂ ਬਚਾਅ ਰਿਹਾ। ਅੱਗ ਇੰਨੀ ਤੇਜ਼ੀ ਨਾਲ ਭੜਕੀ ਕਿ ਕੁਝ ਮਿੰਟਾਂ ਵਿਚ ਹੀ ਬੱਸ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ।

ਮੌਕੇ ’ਤੇ ਮੌਜੂਦ ਲੋਕਾਂ ਅਨੁਸਾਰ ਬੱਸ ਜਿਵੇਂ ਹੀ ਸਿੰਘਪੁਰਾ ਫ਼ਲਾਈਓਵਰ ਦੇ ਵਿਚਕਾਰ ਪਹੁੰਚੀ ਤਾਂ ਇੰਜਣ ’ਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਡਰਾਈਵਰ ਨੇ ਤੁਰੰਤ ਬੱਸ ਰੋਕ ਕੇ ਬੱਸ ਵਿਚ ਸਵਾਰ ਯਾਤਰੀਆਂ ਨੂੰ ਬਾਹਰ ਨਿਕਲਣ ਲਈ ਕਿਹਾ। ਇਸ ਦੇ ਥੋੜ੍ਹੀ ਦੇਰ ਬਾਅਦ ਅੱਗ ਨੇ ਬੱਸ ਨੂੰ ਆਪਣੀ ਲਪੇਟ ਵਿਚ ਲੈ ਲਿਆ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਜ਼ੀਰਕਪੁਰ ਅਤੇ ਡੇਰਾਬੱਸੀ ਫ਼ਾਇਰ ਬ੍ਰਿਗੇਡ ਦੀਆਂ 2 ਗੱਡੀਆਂ ਮੌਕੇ ’ਤੇ ਪਹੁੰਚੀਆਂ। ਅੱਗ ’ਤੇ ਕਾਬੂ ਪਾਉਣ ਲਈ ਅੱਗ ਬੁਝਾਉ ਦਲ ਨੇ ਕਰੀਬ ਅੱਧਾ ਘੰਟਾ ਜੱਦੋ-ਜਹਿਦ ਕੀਤੀ, ਉਦੋਂ ਤੱਕ ਬੱਸ ਪੂਰੀ ਤਰ੍ਹਾਂ ਸੜ ਚੁੱਕੀ ਸੀ। ਫ਼ਾਇਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗ ਦੇ ਕਾਰਨਾਂ ਬਾਰੇ ਮੁੱਢਲੀ ਜਾਂਚ ਵਿਚ ਕੋਈ ਸਪੱਸ਼ਟ ਨਤੀਜਾ ਨਹੀਂ ਮਿਲਿਆ।

ਸ਼ਾਰਟ ਸਰਕਿਟ ਜਾਂ ਤਕਨੀਕੀ ਖ਼ਰਾਬੀ ਨੂੰ ਸੰਭਾਵਿਤ ਕਾਰਨ ਮੰਨਿਆ ਜਾ ਰਿਹਾ ਹੈ। ਪੁਲਿਸ ਅਤੇ ਫ਼ਾਇਰ ਵਿਭਾਗ ਨੇ ਮਾਮਲੇ ਦੀ ਵਿਸਤ੍ਰਿਤ ਜਾਂਚ ਸ਼ੁਰੂ ਕਰ ਦਿੱਤੀ ਹੈ। ਅੱਗ ਲੱਗਣ ਕਾਰਨ ਫ਼ਲਾਈਓਵਰ ’ਤੇ ਕਰੀਬ ਇਕ ਘੰਟੇ ਤੱਕ ਟ੍ਰੈਫ਼ਿਕ ਜਾਮ ਲੱਗਿਆ ਰਿਹਾ ਅਤੇ ਟਰੈਫਿਕ ਨੂੰ ਪੁੱਲ ਦੇ ਹੇਠਾਂ ਡਾਇਵਰਟ ਕੀਤਾ ਗਿਆ। ਬਾਅਦ ਵਿਚ ਸੜੀ ਹੋਈ ਬੱਸ ਨੂੰ ਹਟਵਾ ਕੇ ਟ੍ਰੈਫ਼ਿਕ ਮੁੜ ਬਹਾਲ ਕਰਾਇਆ। ਯਾਤਰੀਆਂ ਨੇ ਡਰਾਈਵਰ ਦੀ ਤੁਰੰਤ ਕਾਰਵਾਈ ਦੀ ਖ਼ੂਬ ਸ਼ਲਾਘਾ ਕੀਤੀ ਅਤੇ ਕਿਹਾ ਕਿ ਜੇ ਸਮੇਂ ਸਿਰ ਕਦਮ ਨਾ ਚੁੱਕਿਆ ਜਾਂਦਾ ਤਾਂ ਹਾਦਸਾ ਗੰਭੀਰ ਰੂਪ ਧਾਰ ਸਕਦਾ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ