ਟਰੱਕ ਰੋਡ ਰੋਲਰ ਨਾਲ ਟਕਰਾਇਆ, ਇੰਜੀਨੀਅਰ ਸਣੇ 4 ਦੀ ਮੌਤ
ਸਾਬਰਕਾਂਠਾ (ਗੁਜਰਾਤ), 26 ਨਵੰਬਰ (ਪੀ.ਟੀ.ਆਈ.)- ਗੁਜਰਾਤ ਦੇ ਸਾਂਬਰਕਾਠਾ ਵਿਚ ਇਕ ਸੜਕ ਹਾਦਸੇ ਵਿਚ 4 ਲੋਕਾਂ ਦੇ ਮਰਨ ਦਾ ਮਾਮਲਾ ਸਾਹਮਣੇ ਆਇਆ ਹੈ।ਪੁਲਿਸ ਨੇ ਦੱਸਿਆ ਕਿ ਬੁੱਧਵਾਰ ਅੱਧੀ ਰਾਤ ਤੋਂ ਥੋੜ੍ਹੀ ਦੇਰ ਬਾਅਦ ਗੁਜਰਾਤ ਦੇ ਸਾਬਰਕਾਂਠਾ ਜ਼ਿਲ੍ਹੇ ਵਿਚ ਇਕ ਹਾਈਵੇਅ ਓਵਰਬ੍ਰਿਜ 'ਤੇ ਇਕ ਤੇਜ਼ ਰਫ਼ਤਾਰ ਟਰੱਕ ਦੇ ਰੋਡ ਰੋਲਰ ਨਾਲ ਟਕਰਾਉਣ ਕਾਰਨ ਤਿੰਨ ਮਜ਼ਦੂਰਾਂ ਅਤੇ ਇਕ ਇੰਜੀਨੀਅਰ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਇਹ ਹਾਦਸਾ ਮੋਤੀਪੁਰਾ ਉਦਯੋਗਿਕ ਖੇਤਰ ਦੇ ਨੇੜੇ ਇਕ ਹੋਟਲ ਦੇ ਸਾਹਮਣੇ ਵਾਪਰਿਆ। ਏ ਡਿਵੀਜ਼ਨ ਪੁਲਿਸ ਸਟੇਸ਼ਨ ਵਿਚ ਦਰਜ ਐਫ.ਆਈ.ਆਰ. ਅਨੁਸਾਰ, ਟਰੱਕ ਰਾਸ਼ਟਰੀ ਰਾਜਮਾਰਗ 'ਤੇ ਮੁਰੰਮਤ ਦੇ ਕੰਮ ਵਿਚ ਲੱਗੇ ਇਕ ਰੋਡ ਰੋਲਰ ਨਾਲ ਟਕਰਾ ਗਿਆ।
ਟੱਕਰ ਕਾਰਨ 4 ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਦੀ ਪਛਾਣ ਇੰਜੀਨੀਅਰ ਅਸੀਮ ਮਜਮੁਦਾਰ, ਜੋ ਕਿ ਪੱਛਮੀ ਬੰਗਾਲ ਦਾ ਰਹਿਣ ਵਾਲਾ ਸੀ ਅਤੇ ਠੇਕੇ 'ਤੇ ਕੰਮ ਕਰਨ ਵਾਲੇ ਕਾਮੇ, ਸੋਮਾਭਾਈ ਨਾਇਕ, ਭੇਮਾਭਾਈ ਨਾਇਕ ਅਤੇ ਰਘੂਭਾਈ ਨਾਇਕ ਵਜੋਂ ਹੋਈ ਹੈ, ਜੋ ਕਿ ਸਾਰੇ ਗੁਜਰਾਤ ਦੇ ਮਾਹੀਸਾਗਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਰੋਲਰ ਦੇ ਡਰਾਈਵਰ, ਸਹੇਦ ਬਾਬੂਲਾਲ, ਹਾਦਸੇ ਵਿਚ ਜ਼ਖਮੀ ਹੋ ਗਏ।ਮ੍ਰਿਤਕ ਮਜ਼ਦੂਰ ਸੋਮਾਭਾਈ ਨਾਇਕ ਦੇ ਪੁੱਤਰ ਨੇ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਨੇ ਦੱਸਿਆ ਸੀ ਕਿ ਉਸਦਾ ਪਰਿਵਾਰ ਪਿਛਲੇ ਇਕ ਸਾਲ ਤੋਂ ਉਦੈਪੁਰ-ਅਹਿਮਦਾਬਾਦ ਹਾਈਵੇਅ 'ਤੇ ਮਜ਼ਦੂਰਾਂ ਵਜੋਂ ਕੰਮ ਕਰ ਰਿਹਾ ਸੀ। ਘਟਨਾ ਵਾਲੀ ਰਾਤ ਉਸਦੇ ਪਰਿਵਾਰ ਦੇ ਜ਼ਿਆਦਾਤਰ ਮੈਂਬਰ ਘਰ ਵਾਪਸ ਆ ਗਏ ਜਦੋਂਕਿ ਉਸਦੇ ਪਿਤਾ ਅਤੇ ਕੁਝ ਹੋਰ ਮਜ਼ਦੂਰ ਟੋਇਆਂ ਦੀ ਮੁਰੰਮਤ ਕਰਨ ਲਈ ਵਾਪਸ ਰੁਕ ਗਏ।
;
;
;
;
;
;
;