ਸੜਕ ਹਾਦਸੇ ਦਾ ਸ਼ਿਕਾਰ ਹੋਏ ਮੋਟਰਸਾਈਕਲ ਸਵਾਰ, ਇਕ ਦੀ ਮੌਤ
ਕੱਥੂ ਨੰਗਲ, (ਅੰਮ੍ਰਿਤਸਰ), 28 ਨਵੰਬਰ (ਦਲਵਿੰਦਰ ਸਿੰਘ ਰੰਧਾਵਾ)- ਸਥਾਨਕ ਕਸਬਾ ਵਿਖੇ ਅੱਜ ਤੜਕਸਾਰ ਘਰੋਂ ਆਪਣੇ ਮੋਟਰਸਾਈਕਲ ’ਤੇ ਸਵਾਰ ਪਤੀ ਪਤਨੀ ਹਸਪਤਾਲ ਵਿਖੇ ਦਵਾਈ ਲੈਣ ਜਾ ਰਹੇ ਸਨ ਜਦੋਂ ਕਸਬਾ ਕੱਥੂ ਨੰਗਲ ਵਿਖੇ ਰੇਤ ਨਾਲ ਭਰੀ ਟਰਾਲੀ ਟਰੈਕਟਰ ਨੂੰ ਪਾਰ ਕਰਦੇ ਹੋਇਆ ਸਾਹਮਣੇ ਤੋਂ ਆ ਰਹੇ ਇਕ ਮੋਟਰਸਾਈਕਲ ਨਾਲ ਉਨ੍ਹਾਂ ਦੀ ਭਿਆਨਕ ਟੱਕਰ ਹੋ ਗਈ ਤੇ ਟਾਇਰਾਂ ਦੀ ਲਪੇਟ ਵਿਚ ਆਉਣ ਕਾਰਨ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਬਾਵਾ ਸਿੰਘ ਪੁੱਤਰ ਹਰਭਜਨ ਸਿੰਘ ਪਿੰਡ ਮੱਲੀਆਂ ਪੱਕੀਆਂ ਥਾਣਾ ਕਾਹਨੂੰਵਾਨ ਜ਼ਿਲ੍ਹਾ ਗੁਰਦਾਸਪੁਰ ਆਪਣੇ ਮੋਟਰਸਾਈਕਲ ਪੀ.ਬੀ.06 ਏ. ਕਿਉਂ. 3916 ’ਤੇ ਸਵਾਰ ਜਦੋਂ ਕੱਥੂ ਨੰਗਲ ਵਿਖੇ ਪੁੱਜੇ ਤਾਂ ਉਨ੍ਹਾਂ ਨਾਲ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਉਸ ਦੀ ਪਤਨੀ ਰਾਜਵਿੰਦਰ ਕੌਰ ਉਮਰ ਕਰੀਬ 54 ਸਾਲ ਰੇਤ ਨਾਲ ਭਰੇ ਟਰੈਕਟਰ ਟਰਾਲੀ ਦੇ ਟਾਇਰਾਂ ਦੀ ਲਪੇਟ ਵਿਚ ਆ ਗਈ, ਜਿਸ ਨਾਲ ਉਹ ਬੁਰੀ ਤਰ੍ਹਾਂ ਕੁਚਲੀ ਗਈ ਅਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਮੌਕੇ ’ਤੇ ਪੁੱਜੇ ਮ੍ਰਿਤਕ ਔਰਤ ਦੇ ਪੁੱਤਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੀ ਮਾਤਾ ਕਿਸੇ ਭਿਆਨਕ ਰੋਗ ਨਾਲ ਪੀੜਤ ਸੀ ਅਤੇ ਉਹ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਖੇ ਆਪਣੇ ਇਲਾਜ ਦੀ ਦਵਾਈ ਲੈਣ ਲਈ ਜਾ ਰਹੇ ਸਨ। ਮੌਕੇ ’ਤੇ ਪੁੱਜੀ ਥਾਣਾ ਕੱਥੂਨੰਗਲ ਦੀ ਪੁਲਿਸ ਨੇ ਦੋਵਾਂ ਮੋਟਰਸਾਈਕਲ ਅਤੇ ਟਰੈਕਟਰ ਟਰਾਲੀ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
;
;
;
;
;
;
;
;