JALANDHAR WEATHER

ਟੈਂਡਰ ਖੋਲ੍ਹਣ ਤੋਂ ਪਹਿਲਾਂ ਯੂਨੀਅਨ ਆਗੂ ਗ੍ਰਿਫ਼ਤਾਰ, ਪੰਜਾਬ ਭਰ ‘ਚ ਸਰਕਾਰੀ ਬੱਸਾਂ ਦਾ ਚੱਕਾ ਜਾਮ

ਚੰਡੀਗੜ੍ਹ, 28 ਨਵੰਬਰ (ਸੰਦੀਪ ਕੁਮਾਰ ਮਾਹਨਾ) – ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ.ਆਰ.ਟੀ.ਸੀ. ਯੂਨੀਅਨਾਂ ਵਲੋਂ ਅੱਜ ਸੂਬੇ-ਪੱਧਰੀ ਰੋਸ ਕਾਰਵਾਈ ਦੇ ਤਹਿਤ ਸਰਕਾਰੀ ਬੱਸ ਸੇਵਾ ਪੂਰੀ ਤਰ੍ਹਾਂ ਠੱਪ ਰਹੇਗੀ। ਯੂਨੀਅਨ ਦੇ ਸੂਬਾ ਪੱਧਰੀ ਆਗੂਆਂ ਨੂੰ ਸ਼ੁੱਕਰਵਾਰ ਤੜਕ ਸਵੇਰੇ ਹੀ ਪੁਲਿਸ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਜਾਂ ਨਜ਼ਰਬੰਦ ਕੀਤਾ ਗਿਆ ਹੈ, ਜਿਸ ਕਾਰਨ ਹਾਲਾਤ ਤਣਾਅ-ਪੂਰਨ ਬਣ ਗਏ ਹਨ।

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਵਲੋਂ ਅੱਜ ਕਿਲੋਮੀਟਰ ਸਕੀਮ ਬੱਸਾਂ ਦੇ ਟੈਂਡਰ ਖੋਲ੍ਹੇ ਜਾਣੇ ਸਨ ਅਤੇ ਇਸ ਦੇ ਵਿਰੋਧ ਵਿਚ ਪਨਬਸ, ਪੰਜਾਬ ਰੋਡਵੇਜ਼ ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਨੇ ਟੈਂਡਰ ਰੱਦ ਕੀਤੇ ਜਾਣ ਅਤੇ ਪੰਜਾਬ ਬੰਦ ਦੀ ਕਾਲ ਦਿੱਤੀ ਸੀ ਪਰ ਟੈਂਡਰ ਤੋਂ ਪਹਿਲਾਂ ਹੀ ਵੱਡੀ ਗਿਣਤੀ ਵਿਚ ਮੁੱਖ ਆਗੂਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ, ਜਿਸ ਨੂੰ ਯੂਨੀਅਨ ਆਗੂਆਂ ਨੇ “ਆਵਾਜ਼ ਦਬਾਉਣ ਦੀ ਕੋਸ਼ਿਸ਼” ਕਰਾਰ ਦਿੱਤਾ ਹੈ।

ਸੂਬਾ ਪੱਧਰੀ ਆਗੂਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਯੂਨੀਅਨ ਨੇ ਤੁਰੰਤ ਪ੍ਰਤੀਕਰਮ ਦਿੰਦੇ ਹੋਏ ਪੰਜਾਬ ਭਰ ਦੇ ਬੱਸ ਸਟੈਂਡ ਬੰਦ ਕਰਨ ਦਾ ਐਲਾਨ ਕਰ ਦਿੱਤਾ। ਨਤੀਜੇ ਵਜੋਂ ਸਾਰੇ ਜ਼ਿਲ੍ਹਿਆਂ ਵਿਚ ਸਰਕਾਰੀ ਬੱਸਾਂ ਦਾ ਪਹੀਆ ਪੂਰੀ ਤਰ੍ਹਾਂ ਰੁਕ ਗਿਆ ਹੈ। ਰੋਡਵੇਜ਼, ਪਨਬੱਸ ਅਤੇ ਪੀ.ਆਰ.ਟੀ.ਸੀ. ਦੇ ਡਿਪੂਆਂ ਵਿਚ ਸਵੇਰੇ ਤੋਂ ਹੀ ਅਫ਼ਰਾਤਫ਼ਰੀ ਦਾ ਮਾਹੌਲ ਬਣਿਆ ਹੋਇਆ ਹੈ।

ਯੂਨੀਅਨ ਨੇ ਕਰਮਚਾਰੀਆਂ, ਡਰਾਈਵਰਾਂ ਅਤੇ ਕੰਡਕਟਰਾਂ ਨੂੰ ਨੇੜਲੇ ਡਿਪੂ ਜਾਂ ਬੱਸ ਸਟੈਂਡ ਤੇ ਇਕੱਠੇ ਹੋ ਕੇ ਚੱਕਾ ਜਾਮ ਨੂੰ ਮਜ਼ਬੂਤ ਕੀਤਾ ਜਾਣ ਦੀ ਅਪੀਲ ਕੀਤੀ ਹੈ।


ਯੂਨੀਅਨ ਵਲੋਂ ਐਲਾਨ ਕੀਤਾ ਗਿਆ ਹੈ ਕਿ ਕਿਲੋਮੀਟਰ ਸਕੀਮ ਦਾ ਟੈਂਡਰ ਰੱਦ ਹੋਣ ਅਤੇ ਸਰਕਾਰੀ ਬੱਸ ਸੇਵਾ ਨੂੰ ਬਚਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਫ਼ਿਲਹਾਲ ਸੂਬਾ ਸਰਕਾਰ ਵਲੋਂ ਇਸ ਮਾਮਲੇ ’ਤੇ ਅਧਿਕਾਰਕ ਟਿੱਪਣੀ ਅਜੇ ਤੱਕ ਸਾਹਮਣੇ ਨਹੀਂ ਆਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ