ਜਲੰਧਰ ਕੈਂਟ 'ਤੇ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪ, ਕਈ ਕਿਸਾਨਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
ਜਲੰਧਰ, 5 ਦਸੰਬਰ (ਜਸਪਾਲ ਸਿੰਘ)- - ਕਿਸਾਨ ਮਜ਼ਦੂਰ ਮੋਰਚੇ ਵੱਲੋਂ ਅੱਜ ਕਿਸਾਨੀ ਮੰਗਾਂ ਦੇ ਹੱਕ ਵਿਚ ਦਿੱਤੇ ਗਏ ਰੇਲ ਰੋਕੋ ਅੰਦੋਲਨ ਨੂੰ ਪੁਲਿਸ ਨੇ ਜਲੰਧਰ ਵਿਚ ਪੂਰੀ ਤਰ੍ਹਾਂ ਨਾਕਾਮ ਕਰ ਦਿੱਤਾ ਹੈ। ਜਲੰਧਰ ਦੇ ਕੈਂਟ ਰੇਲਵੇ ਸਟੇਸ਼ਨ 'ਤੇ ਧਰਨਾ ਦੇਣ ਜਾ ਰਹੇ ਕਿਸਾਨਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਜਲੰਧਰ ਕੈਂਟ ਸਟੇਸ਼ਨ 'ਤੇ ਬੈਰੀਕੇਡ ਲਗਾ ਦਿੱਤੇ ਸਨ ਜਿੱਥੇ ਕਿਸਾਨ ਪਹੁੰਚੇ ਸਨ, ਫਿਰ ਪੁਲਿਸ ਨਾਲ ਝੜਪ ਹੋਈ ਅਤੇ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਕਿਸਾਨ ਆਗੂ ਮਨਜੀਤ ਰਾਏ ਨੇ ਪੁਲਿਸ ਅਧਿਕਾਰੀਆਂ ਨੂੰ ਆਪਣੀਆਂ ਮੰਗਾਂ ਲਈ ਦਬਾਅ ਪਾਉਣ ਲਈ ਜਲੰਧਰ ਕੈਂਟ ਸਟੇਸ਼ਨ 'ਤੇ ਧਰਨਾ ਦੇਣ ਲਈ ਕਿਹਾ, ਪਰ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਜਾਣ ਨਹੀਂ ਦਿੱਤਾ। ਜਦਕਿ ਇਸ ਤੋਂ ਪਹਿਲਾਂ ਕੁਝ ਕਿਸਾਨ ਆਗੂਆਂ ਨੂੰ ਪੁਲਿਸ ਵੱਲੋਂ ਘਰਾਂ ਚ ਹੀ ਨਜ਼ਰ ਬੰਦ ਕਰ ਦਿੱਤਾ ਗਿਆ ਸੀ ਜਿਸ ਕਾਰਨ ਕਿਸਾਨਾਂ ਵੱਲੋਂ ਜਲੰਧਰ ਛਉਣੀ ਰੇਲਵੇ ਸਟੇਸ਼ਨ ਤੇ ਦਿੱਤੇ ਜਾਣ ਵਾਲਾ ਧਰਨਾ ਇਕ ਤਰ੍ਹਾਂ ਨਾਲ ਨਾਕਾਮ ਕਰ ਦਿੱਤਾ ਗਿਆ।
ਏਡੀਸੀਪੀ ਨਰੇਸ਼ ਡੋਗਰਾ ਨੇ ਕਿਹਾ ਕਿ ਕਿਸਾਨਾਂ ਨੂੰ ਵਿਰੋਧ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਜੇਕਰ ਉਹ ਅਜਿਹਾ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਸਟੇਸ਼ਨ ਦੇ ਬਾਹਰ ਅਜਿਹਾ ਕਰਨਾ ਚਾਹੀਦਾ ਹੈ ਨਹੀਂ ਤਾਂ ਉਨ੍ਹਾਂ ਨੂੰ ਰੇਲਵੇ ਟਰੈਕ ਰੋਕਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਡੀਸੀਪੀ ਨੇ ਕਿਹਾ ਕਿ ਕਿਸਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਵਿਰੁੱਧ ਮਾਮਲਾ ਦਰਜ ਕੀਤਾ ਜਾਵੇਗਾ।
;
;
;
;
;
;
;
;