ਸੁਨਾਮ ਰੇਲਵੇ ਸਟੇਸ਼ਨ 'ਤੇ ਕਿਸਾਨਾਂ ਦਾ ਰੇਲ ਚੱਕਾ ਜਾਮ ਰਿਹਾ ਨਾਕਾਮ
ਸੁਨਾਮ ਊਧਮ ਸਿੰਘ ਵਾਲਾ,5 ਦਸੰਬਰ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ)-ਰੇਲਵੇ ਸਟੇਸ਼ਨ ਸੁਨਾਮ ਊਧਮ ਸਿੰਘ ਵਾਲਾ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵਲੋਂ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ 'ਤੇ ਆਪਣੀਆਂ ਮੰਗਾਂ ਬਿਜਲੀ ਸੋਧ ਬਿੱਲ 2025 ਦਾ ਖਰੜਾ ਰੱਦ ਕਰਵਾਉਣ, ਬਿਜਲੀ ਦੇ ਪ੍ਰੀਪੇਡ ਮੀਟਰ ਲਾਉਣ, ਸਰਕਾਰ ਵਲੋਂ ਜਨਤਕ ਜਾਇਦਾਦਾਂ ਜਬਰੀ ਵੇਚਣ ਦੇ ਵਿਰੋਧ ਵਿਚ ਅੱਜ ਕੀਤਾ ਜਾਣ ਵਾਲਾ ਰੇਲਾਂ ਦਾ ਚੱਕਾ ਜਾਮ ਪੁਲਿਸ ਪ੍ਰਸ਼ਾਸਨ ਵਲੋਂ ਨਾਕਾਮ ਕਰ ਦਿੱਤਾ ਗਿਆ।
ਰੇਲ ਚੱਕਾ ਜਾਮ ਨੂੰ ਫੇਲ੍ਹ ਕਰਨ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਬੀਤੀ ਰਾਤ ਤੋਂ ਹੀ ਚੁਕੰਨਾ ਹੋਇਆ ਹੋਇਆ ਸੀ। ਜਿਸ ਕਰਕੇ ਜਿੱਥੇ ਜਥੇਬੰਦੀ ਦੇ ਸੰਤ ਰਾਮ ਸਿਘ ਛਾਜਲੀ, ਮੱਖਣ ਸਿੰਘ ਚੀਮਾ, ਸਤਿਗੁਰ ਸਿੰਘ ਨਮੋਲ, ਪਰਮਜੀਤ ਸਿੰਘ ਮੈਦੇਵਾਸ ਅਤੇ ਨਿਰਮਲ ਸਿੰਘ ਸ਼ਾਹਪੁਰ ਕਲ੍ਹਾਂ ਅਤੇ ਬਲਜੀਤ ਸਿੰਘ ਗੋਬਿੰਦਗੜ੍ਹ ਜੇਜੀਆਂ ਆਦਿ ਕਰੀਬ ਅੱਧੀ ਦਰਜਨ ਆਗੂਆਂ ਨੂੰ ਸਵੇਰੇ ਤੜਕਸਾਰ ਹੀ ਘਰਾਂ 'ਚੋਂ ਚੁੱਕ ਲਿਆ ਗਿਆ, ਉੱਥੇ ਹੀ ਰੇਲ ਟਰੈਕ ਰੋਕਣ ਲਈ ਕਿਲ੍ਹਾ ਭਰੀਆਂ ਇਕੱਠੇ ਹੋ ਕੇ ਨੇੜਲੇ ਪਿੰਡ ਭਰੂਰ ਪਹੁੰਚ ਰਹੇ ਕਿਸਾਨਾਂ ਦੀ ਜਿਵੇਂ ਹੀ ਪੁਲਿਸ ਨੂੰ ਭਿਣਕ ਪਈ ਤਾਂ ਪੁਲਿਸ ਅਫਸਰਾਂ ਦੀ ਅਗਵਾਈ ਵਿਚ ਵੱਡੀ ਗਿਣਤੀ 'ਚ ਭਰੂਰ ਪਹੁੰਚੇ ਪੁਲਿਸ ਬਲਾਂ ਵਲੋਂ ਲੱਗਭਗ 70-80 ਕਿਸਾਨਾਂ ਨੂੰ ਗੱਡੀਆਂ-ਬੱਸਾਂ 'ਚੋਂ ਉਤਰਦਿਆਂ ਹੀ ਹਿਰਾਸਤ ਵਿਚ ਲੈਣ ਉਪਰੰਤ ਵੱਖ-ਵੱਖ ਵਾਹਨਾਂ ਵਿਚ ਬਿਠਾ ਕੇ ਪੁਲਿਸ ਕਿਸੇ ਅਣਦੱਸੀ ਥਾਂ 'ਤੇ ਲੈ ਗਈ।
ਕਿਸਾਨਾਂ ਦੇ ਰੇਲ ਚੱਕਾ ਜਾਮ ਨੂੰ ਲੈ ਕੇ ਰੇਲਵੇ ਸਟੇਸ਼ਨ ਸੁਨਾਮ ਊਧਮ ਸਿੰਘ 'ਤੇ ਵੀ ਐਸ ਪੀ (ਐਚ) ਰਾਜੇਸ਼ ਛਿੱਬਰ ਅਤੇ ਐਸ ਪੀ (ਡੀ) ਦਵਿੰਦਰ ਅੱਤਰੀ ਦੀ ਅਗਵਾਈ ਵਿਚ ਪੁਲਿਸ ਫੋਰਸ ਤਾਇਨਾਤ ਕੀਤੀ ਹੋਈ ਸੀ। ਜਿਸ ਕਾਰਨ ਸਥਾਨਕ ਰੇਲਵੇ ਸਟੇਸ਼ਨ 'ਤੇ ਭਾਰੀ ਪੁਲਿਸ ਦੀ ਤਾਇਨਾਤੀ ਕਾਰਨ ਚਿੜੀ ਵੀ ਨਹੀਂ ਫੜਕ ਸਕੀ।
;
;
;
;
;
;
;
;