ਪੰਜਾਬ ਸਰਕਾਰ ਦੀ 328 ਪਾਵਨ ਸਰੂਪਾਂ ਦੇ ਮਾਮਲੇ 'ਚ ਰਾਜਨੀਤੀ ਕਰਨਾ ਮੰਦਭਾਗੀ ਪਿਰਤ -ਅਸ਼ਵਨੀ ਸ਼ਰਮਾ
ਨਵਾਂਸ਼ਹਿਰ , 22 ਜਨਵਰੀ ( ਜਸਬੀਰ ਸਿੰਘ ਨੂਰਪੁਰ , ਧਰਮਵੀਰਪਾਲ ) - ਮੁੱਖ ਮੰਤਰੀ ਪੰਜਾਬ ਵਲੋਂ 328 ਪਾਵਨ ਸਰੂਪਾਂ ਦੇ ਮਾਮਲੇ 'ਚ ਰਾਜਨੀਤੀ ਕਰਨਾ ਮੰਦਭਾਗੀ ਪਿਰਤ ਹੈ । ਇਹ ਮਾਮਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਧਾਰਮਿਕ ਸੰਸਥਾਵਾਂ ਦਾ ਹੈ ਪ੍ਰੰਤੂ ਇਸ ਮਾਮਲੇ 'ਚ ਮਾਘੀ ਦੇ ਮੇਲੇ 'ਤੇ ਗ਼ਲਤ ਬਿਆਨ ਦੇ ਕੇ ਪੰਜਾਬ ਦੇ ਹਾਲਾਤ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ , ਇਹ ਪ੍ਰਗਟਾਵਾ ਮਜ਼ਾਰਾ ਰਾਜਾ ਸਾਹਿਬ ਦੇ ਪਾਵਨ ਅਸਥਾਨ ਵਿਖੇ ਅਸ਼ਵਨੀ ਸ਼ਰਮਾ ਪ੍ਰਧਾਨ ਭਾਜਪਾ ਪੰਜਾਬ ਦੇ ਕੀਤਾ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਵਲੋਂ ਅਜਿਹਾ ਬਿਆਨ ਅਖ਼ਬਾਰਾਂ ਦੀਆਂ ਸੁਰਖੀਆਂ ਬਣਨ ਲਈ ਹੀ ਦਿੱਤਾ ਗਿਆ। ਇਹ ਬਿਆਨ ਉਨ੍ਹਾਂ ਵਲੋਂ ਬਿਨਾਂ ਕਿਸੇ ਜਾਂਚ ਅਤੇ ਬਿਨਾਂ ਕਿਸੇ ਤੱਥਾਂ 'ਤੇ ਦਿੱਤਾ ਗਿਆ । ਇਸ ਬਿਆਨ ਦੇ ਨਾਲ ਪੰਜਾਬ ਦੇ ਹਾਲਾਤ ਨੂੰ ਮੁੜ ਲਾਂਬੂ ਵੀ ਲਗ ਸਕਦਾ ਸੀ। ਮੁੜ ਇਨ੍ਹਾਂ ਬਿਆਨਾਂ ਤੋਂ ਮੁੱਕਰਨਾ ਹੋਰ ਵੀ ਮਾੜੀ ਗੱਲ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਮਾਮਲਿਆਂ ਵਿਚ ਸਰਕਾਰ ਦੀ ਦਖ਼ਲਅੰਦਾਜ਼ੀ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹੋਈਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਫੜਨ ਦਾ ਵਾਅਦਾ ਕਰਨ ਵਾਲੀ ਸਰਕਾਰ ਅੱਜ 4 ਸਾਲ ਪੂਰੇ ਹੋਣ ਤੋਂ ਬਾਅਦ ਵੀ ਦੋਸ਼ੀਆਂ ਨੂੰ ਫੜ ਨਹੀਂ ਸਕੀ। ਇਸ ਮੌਕੇ ਤੇ ਸੀਨੀਅਰ ਆਗੂ ਇਕਬਾਲ ਸਿੰਘ ਲਾਲਪੁਰਾ , ਡਾ. ਸੁਭਾਸ਼ ਸ਼ਰਮਾ, ਮਨੋਰੰਜਨ ਕਾਲੀਆ , ਕੇਵਲ ਸਿੰਘ ਢਿੱਲੋਂ , ਸੋਮ ਪ੍ਰਕਾਸ਼ ਸਾਬਕਾ ਕੇਂਦਰੀ ਮੰਤਰੀ, ਸ਼ਵੇਤ ਮਲਿਕ ਸਾਬਕਾ ਪ੍ਰਧਾਨ, ਰਾਜਦੀਪ ਸਿੰਘ ਗਿੱਲ ਸਾਬਕਾ ਡੀ.ਜੀ.ਪੀ., ਦਿਨੇਸ਼ ਕੁਮਾਰ ਸਾਬਕਾ ਡਿਪਟੀ ਸਪੀਕਰ, ਚੌਧਰੀ ਮੋਹਨ ਲਾਲ ਬੰਗਾ,ਰਾਜਵਿੰਦਰ ਸਿੰਘ ਲੱਕੀ ਜ਼ਿਲ੍ਹਾ ਪ੍ਰਧਾਨ ਅਤੇ ਨਰਿੰਦਰ ਸੂਦਨ ਆਦਿ ਹਾਜ਼ਰ ਸਨ।
;
;
;
;
;
;
;