ਚਰਿੱਤਰ 'ਤੇ ਸ਼ੱਕ ਕਰਦਿਆਂ ਨੌਜਵਾਨ ਨੇ ਕੀਤਾ ਪਤਨੀ ਦਾ ਕਤਲ
ਲਹਿਰਾਗਾਗਾ,10 ਫਰਵਰੀ (ਅਸ਼ੋਕ ਗਰਗ)- ਨੇੜਲੇ ਪਿੰਡ ਖੰਡੇਬਾਦ ਵਿਖੇ ਇਕ ਨੌਜਵਾਨ ਵਲੋਂ ਆਪਣੀ ਪਤਨੀ ਦੇ ਚਰਿੱਤਰ ਉਤੇ ਸ਼ੱਕ ਕਰਦਿਆਂ ਉਸ ਦਾ ਬੇਰਹਿਮੀ ਨਾਲ ਕਤਲ ਕਰਨ ਦੀ ਖਬਰ ਮਿਲੀ ਹੈ। ਪਿੰਡ ਦੇ ਤਰਸੇਮ ਸਿੰਘ (ਸਾਬਕਾ ਸਰਪੰਚ) ਦੇ ਪੁੱਤਰ ਕੁਲਦੀਪ ਸਿੰਘ ਨੇ ਆਪਣੀ ਪਤਨੀ ਹਰਕੀਤਨ ਕੌਰ ਉਰਫ ਗੀਤੂ 32 ਸਾਲ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਮ੍ਰਿਤਕਾ ਤਿੰਨ ਬੱਚਿਆਂ ਦੀ ਮਾਂ ਸੀ। ਜ਼ਿਕਰਯੋਗ ਗੱਲ ਇਹ ਹੈ ਕਿ ਕਥਿਤ ਕਾਤਲ ਕੁਲਦੀਪ ਸਿੰਘ ਨੇ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਅੱਪਲੋਡ ਕੀਤੀ ਸੀ, ਜਿਸ ਨਾਲ ਇਲਾਕੇ ਵਿਚ ਸੌਗਮਈ ਮਾਹੌਲ ਬਣ ਗਿਆ ਹੈ। ਘਟਨਾ ਤੋਂ ਬਾਅਦ ਮੁਲਜ਼ਮ ਕੁਲਦੀਪ ਸਿੰਘ ਖੁਦ ਥਾਣਾ ਲਹਿਰਾਗਾਗਾ ਪਹੁੰਚ ਗਿਆ ਅਤੇ ਆਪਣੇ ਅਪਰਾਧ ਨੂੰ ਕਬੂਲ ਕਰ ਲਿਆ। ਇਸ ਤੋਂ ਪਹਿਲਾਂ ਮੁਖਬਰ ਵਲੋਂ ਮਿਲੀ ਸੂਚਨਾ 'ਤੇ ਪੁਲਿਸ ਘਟਨਾ ਸਥਾਨ 'ਤੇ ਪਹੁੰਚੀ ਸੀ ਅਤੇ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਸੀ। ਡੀ.ਐਸ.ਪੀ. ਲਹਿਰਾਗਾਗਾ ਰਣਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਤੁਰੰਤ ਕਤਲ ਦੇ ਮਾਮਲੇ ਵਿਚ ਐਫ.ਆਈ.ਆਰ. ਦਰਜ ਕਰ ਲਈ ਹੈ ਅਤੇ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਹੱਤਿਆ ਦੇ ਪਿੱਛੇ ਦੇ ਸਹੀ ਕਾਰਨ ਅਜੇ ਅਧਿਕਾਰਤ ਤੌਰ 'ਤੇ ਸਾਹਮਣੇ ਨਹੀਂ ਆਏ, ਪਰ ਸੂਤਰਾਂ ਅਨੁਸਾਰ ਇਹ ਘਰੇਲੂ ਵਿਵਾਦ, ਪਰਿਵਾਰਕ ਝਗੜਾ ਅਤੇ ਪਤਨੀ ਦੇ ਕਿਸੇ ਨਾਲ ਨਾਜਾਇਜ਼ ਸਬੰਧਾਂ ਦਾ ਕਾਰਨ ਵੀ ਨਾਲ ਜੁੜਿਆ ਹੋਇਆ ਹੈ। ਇਸ ਘਟਨਾ ਨਾਲ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।
;
;
;
;
;
;
;
;