ਕੇਂਦਰੀ ਰੇਲਵੇ ਰਾਜ ਮੰਤਰੀ ਬਿੱਟੂ ਨੇ ਦੋਰਾਹਾ ਵਿਖੇ ਓਵਰ ਬ੍ਰਿਜ ਦਾ ਕੀਤਾ ਉਦਘਾਟਨ
ਦੋਰਾਹਾ, 17 ਫਰਵਰੀ (ਮਨਜੀਤ ਸਿੰਘ ਗਿੱਲ)- ਦੱਖਣੀ ਪਾਸ ਦੋਰਾਹਾ ਰੇਲਵੇ ਕਰਾਸਿੰਗ ’ਤੇ ਅੱਜ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਰਸਮੀ ਤੌਰ ’ਤੇ ਓਵਰ ਬ੍ਰਿਜ ਦਾ ਉਦਘਾਟਨ ਕੀਤਾ। ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿੱਟੂ ਨੇ ਕਿਹਾ ਕਿ ਇਹ ਕਰੀਬ ਡੇਢ ਦਹਾਕੇ ਤੋਂ ਇਥੇ ਓਵਰ ਬ੍ਰਿਜ ਨਾ ਬਣਨ ਕਾਰਨ ਲੁਧਿਆਣਾ ਤੋਂ ਚੰਡੀਗੜ੍ਹ ਖਾਸ ਕਰ ਮਾਲਵੇ ਇਲਾਕੇ ਨੂੰ ਰੇਲਵੇ ਫਾਟਕ ਬੰਦ ਰਹਿਣ ਕਾਰਨ ਖੱਜਲ ਖੁਆਰ ਹੋਣਾ ਪੈਂਦਾ ਸੀ ਅਤੇ ਇਥੋਂ 400 ਦੇ ਲਗਭਗ ਟ੍ਰੇਨਾਂ ਲੰਘਦੀਆਂ ਹਨ, ਜਿਥੇ ਘੰਟਿਆਂ ਬੱਧੀ ਵਾਹਨਾਂ ਦੀਆਂ ਕਤਾਰਾਂ ਲੱਗ ਜਾਂਦੀਆਂ ਹਨ।
ਉਨ੍ਹਾਂ ਕਿਹਾ ਕਿ ਕਰੀਬ 71 ਕਰੋੜ ਦੀ ਲਾਗਤ ਨਾਲ ਇਹ ਓਵਰ ਬ੍ਰਿਜ ਇਕ ਕਰੀਬ ਇਕ ਸਾਲ ਵਿਚ ਬਣ ਕੇ ਤਿਆਰ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਅੰਮ੍ਰਿਤ ਭਾਰਤ ਯੋਜਨਾ ਦੇ ਤਹਿਤ 166 ਥਾਵਾਂ ’ਤੇ ਅੰਡਰ ਬ੍ਰਿਜ ਤੇ ਓਵਰ ਬ੍ਰਿਜ ਦਾ ਕੰਮ ਚੱਲ ਰਿਹਾ ਹੈ ਅਤੇ ਇਸ ਕੰਮ ਲਈ 1480 ਕਰੋੜ ਰੁਪਏ ਖਰਚੇ ਜਾਣਗੇ। ਜਿਥੇ ਉਨ੍ਹਾਂ ਪੰਜਾਬ ਵਿਚਲੀ ‘ਆਪ’ ਸਰਕਾਰ ਅਤੇ ਕਾਂਗਰਸ ਪਾਰਟੀ ਦੀ ਤਿੱਖੀ ਆਲੋਚਨਾ ਕੀਤੀ, ਉਥੇ ਹੀ ਭਾਜਪਾ ਨੂੰ ਲੋਕ ਪੱਖੀ ਕਰਾਰ ਦਿੰਦਿਆਂ ਕਿਹਾ ਕਿ ਦੇਸ਼ ਦਾ ਅਸਲ ਵਿਕਾਸ ਭਾਜਪਾ ਦੀ ਅਗਵਾਈ ਵਿਚ ਹੀ ਹੋ ਸਕਦਾ ਹੈ। ਇਸ ਸਮੇਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪ੍ਰੋਫੈਸਰ ਭੁਪਿੰਦਰ ਸਿੰਘ ਚੀਮਾ, ਜਨਰਲ ਸਕੱਤਰ ਪ੍ਰਿੰਸੀਪਲ ਜਤਿੰਦਰ ਸ਼ਰਮਾ, ਡਾਕਟਰ ਅਸ਼ੀਸ਼ ਸੂਦ, ਸਾਬਕਾ ਪ੍ਰਧਾਨ ਵਿਨੋਦ ਬੈਕਟਰ ਬਿੱਲਾ, ਮੰਡਲ ਪ੍ਰਧਾਨ ਜਗਤਾਰ ਸਿੰਘ ਕੁੱਕਾ ਭਾਜਪਾ ਆਗੂ ਤੇ ਵਰਕਰ ਅਤੇ ਰੇਲਵੇ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।
;
;
;
;
;
;
;