JALANDHAR WEATHER

ਸਿੱਖਿਆ ਮੰਤਰੀ ਬੈਂਸ ਵਲੋਂ ਮਾਛੀਵਾੜਾ ਦੇ ਸਰਕਾਰੀ ਸਕੂਲਾਂ ਦਾ ਅਚਨਚੇਤ ਦੌਰਾ

ਮਾਛੀਵਾੜਾ ਸਾਹਿਬ, 17 ਫਰਵਰੀ (ਰਾਜਦੀਪ ਸਿੰਘ ਅਲਬੇਲਾ)- ਆਮ ਆਦਮੀ ਪਾਰਟੀ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਮਾਛੀਵਾੜਾ ਸਾਹਿਬ ਦੇ ਸਰਕਾਰੀ ਸਕੂਲਾਂ ਦਾ ਅਚਨਚੇਤ ਦੌਰਾ ਕੀਤਾ ਗਿਆ। ਸਿੱਖਿਆ ਮੰਤਰੀ ਵਲੋਂ ਪਹਿਲਾਂ ਸ਼ੰਕਰ ਦਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਦੌਰਾ ਕੀਤਾ। ਜਿੱਥੇ ਉਨ੍ਹਾਂ ਦੇਖਿਆ ਕਿ ਕੁਝ ਕਲਾਸਰੂਮ ਬਹੁਤ ਵਧੀਆ ਹਾਲਤ 'ਚ ਬਣੇ ਹੋਏ ਸਨ ਪਰ ਕੁਝ ਥਾਵਾਂ ’ਤੇ ਬੱਚਿਆਂ ਦੀਆਂ ਕਲਾਸਾਂ 'ਚ ਰੌਸ਼ਨੀ ਦੀ ਘਾਟ ਅਤੇ ਛੱਤਾਂ ’ਤੇ ਜਾਲ੍ਹੇ ਲੱਗੇ ਹੋਏ ਸਨ। ਉਨ੍ਹਾਂ ਤੁਰੰਤ ਪ੍ਰਿੰਸੀਪਲ ਨੂੰ ਹਦਾਇਤ ਕੀਤੀ ਕਿ ਬੱਚਿਆਂ ਨੂੰ ਸਾਫ਼-ਸੁਥਰਾ ਮਾਹੌਲ ਚਾਹੀਦਾ ਹੈ ਅਤੇ ਜੋ ਵੀ ਉਣਤਾਈਆਂ ਹਨ ਉਨ੍ਹਾਂ ਨੂੰ ਜਲਦ ਦੂਰ ਕੀਤਾ ਜਾਵੇ। ਇੱਥੇ ਕਲਾਸ 'ਚ ਜਦੋਂ ਉਨ੍ਹਾਂ ਨੇ ਕੁਝ ਬੱਚਿਆਂ ਨੂੰ ਪੰਜਾਬੀ ਪੜ੍ਹਨ ਲਈ ਕਿਹਾ ਤਾਂ ਉਨ੍ਹਾਂ ਨੂੰ ਕਿਤਾਬ ’ਚੋਂ ਪੜ੍ਹਨਾ ਨਾ ਆਇਆ ਅਤੇ ਬੱਚਿਆਂ ਨੇ ਦਸਿਆ ਕਿ ਉਹ ਇੰਦਰਾ ਕਾਲੋਨੀ ਦੇ 4 ਨੰਬਰ ਸਕੂਲ ’ਚੋਂ ਪੰਜਵੀਂ ਤੱਕ ਪੜ੍ਹ ਕੇ ਆਏ ਹਨ। ਸਿੱਖਿਆ ਮੰਤਰੀ ਨੂੰ ਮਹਿਸੂਸ ਹੋਇਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਨੰਬਰ 4 'ਚ ਹੀ ਕੁਝ ਖਾਮੀਆਂ ਹੋਣਗੀਆਂ ਜਿੱਥੇ ਬੱਚਿਆਂ ਨੂੰ ਚੰਗੀ ਤਰ੍ਹਾਂ ਪੰਜਾਬੀ ਨਹੀਂ ਪੜ੍ਹਾਈ ਗਈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੁਰੰਤ ਇੰਦਰਾ ਕਾਲੋਨੀ ਦੇ ਸਕੂਲ 'ਚ ਪਹੁੰਚ ਗਏ। ਜਿੱਥੇ ਉਨ੍ਹਾਂ ਬੱਚਿਆਂ ਦੀ ਅਧਿਆਪਕ ਬਣ ਕੇ ਕਲਾਸ ਲਗਾਈ ਅਤੇ ਪੰਜਾਬੀ ਪੜ੍ਹਨ ਨੂੰ ਕਿਹਾ। ਹੈਰਾਨੀ ਦੀ ਗੱਲ ਤਾਂ ਇਹ ਰਹੀ ਕਿ ਕਲਾਸ 'ਚ ਮੌਜੂਦ ਕੁੱਲ 28 ਬੱਚਿਆਂ ’ਚੋਂ ਕੇਵਲ 8 ਨੂੰ ਪੰਜਾਬੀ ਪੜ੍ਹਨੀ ਆਉਂਦੀ ਸੀ ਜਦਕਿ ਬਾਕੀ ਸਪੱਸ਼ਟ ਤੌਰ ’ਤੇ ਆਪਣੀ ਮਾਂ ਭਾਸ਼ਾ ਪੰਜਾਬੀ ਹੀ ਨਹੀਂ ਪੜ੍ਹ ਸਕੇ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇੰਦਰਾ ਕਾਲੋਨੀ ਦੇ ਪ੍ਰਾਇਮਰੀ ਸਕੂਲ ਦੀ ਸਲਾਨਾ ਰਿਪੋਰਟ ਮੰਗਵਾਈ ਤਾਂ ਉਹ ਵੀ ਦੇਖ ਕੇ ਹੈਰਾਨ ਹੋਏ ਕਿ ਉਸ 'ਚ ਇਹ ਭੇਜਿਆ ਗਿਆ ਕਿ ਸਾਰੇ ਵਿਦਿਆਰਥੀ ਦੀ ਰਿਪੋਰਟ ਚੰਗੀ ਹੈ ਜਿਨ੍ਹਾਂ ਨੂੰ ਲਿਖਣਾ ਤੇ ਬੋਲਣਾ ਵਧੀਆ ਢੰਗ ਨਾਲ ਆਉਂਦਾ ਹੈ। ਮੰਤਰੀ ਨੇ ਅਧਿਆਪਕਾਂ ਨੂੰ ਝਾੜ ਲਗਾਉਂਦਿਆਂ ਕਿਹਾ ਕਿ ਰਿਪੋਰਟਾਂ 'ਚ ਸਭ ਕੁਝ ਠੀਕ ਚੱਲ ਰਿਹਾ ਹੈ ਪਰ ਜਮੀਨੀ ਪੱਧਰ ’ਤੇ ਹਾਲਾਤ ਇਹ ਹਨ ਕਿ ਬੱਚਿਆਂ ਨੂੰ ਸਕੂਲ 'ਚ ਪੰਜਾਬੀ ਹੀ ਨਹੀਂ ਪੜ੍ਹਨੀ ਆ ਰਹੀ। ਇੰਦਰਾ ਕਾਲੋਨੀ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਸਿੱਖਿਆ ਦਾ ਮਾੜਾ ਹਾਲ ਦੇਖ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਖਿਆ ਮੰਤਰੀ ਬੈਂਸ ਨੇ ਕਿਹਾ ਕਿ ਮਾਛੀਵਾੜਾ ਦੇ ਬੀ.ਪੀ.ਈ.ਓ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਨਾਲ ਹੀ ਤਿੰਨ ਅਧਿਆਪਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਹਰਜੋਤ ਸਿੰਘ ਬੈਂਸ ਨੇ ਅਧਿਆਪਕਾਂ ਦੀ ਚੰਗੀ ਕਲਾਸ ਲਗਾਈ ਕਿ ਉਹ ਵਧੀਆ ਤਨਖਾਹਾਂ ਲੈ ਰਹੇ ਹਨ ਪਰ ਇਸ ਦੇ ਬਾਵਜ਼ੂਦ ਵੀ ਸੁਚੱਜੇ ਢੰਗ ਨਾਲ ਬੱਚਿਆਂ ਨੂੰ ਸਿੱਖਿਆ ਨਹੀਂ ਦਿੱਤੀ ਜਾ ਰਹੀ ਜੋ ਕਿ ਬਹੁਤ ਮੰਦਭਾਗਾ ਹੈ।
ਅਧਿਆਪਕ ਨੇ ਕਿਹਾ ਕਿ ਪੋਸਟਾਂ ਖਾਲੀ ਹਨ ਅਸੀਂ ਕਿਵੇਂ ਪੜ੍ਹਾਈਏ। ਜਦੋਂ ਸਿੱਖਿਆ ਮੰਤਰੀ ਨੇ ਸ਼ੰਕਰ ਦਾਸ ਸੀਨੀਅਰ ਸੈਕੰਡਰੀ ਸਕੂਲ 'ਚ ਦੌਰਾ ਕੀਤਾ ਤਾਂ ਉੱਥੇ ਪੱਤਰਕਾਰਾਂ ਨੇ ਧਿਆਨ 'ਚ ਲਿਆਂਦਾ ਕਿ 13 ਪੋਸਟਾਂ ਅਧਿਆਪਕਾਂ ਤੇ ਲੈਕਚਰਾਰਾਂ ਦੀਆਂ ਖਾਲੀ ਹਨ। ਇਸ ਤੋਂ ਇਲਾਵਾ ਇੰਦਰਾ ਕਾਲੋਨੀ ਦੇ ਸਰਕਾਰੀ ਸਕੂਲ ਦੇ ਅਧਿਆਪਕ ਵੀ ਕਹਿੰਦੇ ਰਹੇ ਕਿ ਇੱਥੇ 298 ਵਿਦਿਆਰਥੀ ਹਨ ਉਹ ਤਿੰਨ ਅਧਿਆਪਕ ਹਨ। ਇੱਥੇ ਵੀ ਸਟਾਫ਼ ਦੀ ਘਾਟ ਕਾਰਨ ਪੜ੍ਹਾਈ ਦਾ ਕੰਮ ਸੁਚਾਰੂ ਢੰਗ ਨਾਲ ਨਹੀਂ ਚੱਲ ਰਿਹਾ ਪਰ ਸਿੱਖਿਆ ਮੰਤਰੀ ਨੇ ਕਿਹਾ ਕਿ ਅਧਿਆਪਕ ਆਪਣੀ ਡਿਊਟੀ ਸਮਝਦੇ ਹੋਏ ਪੜ੍ਹਾਉਣ ਤਾਂ ਸੁਚੱਜੇ ਢੰਗ ਨਾਲ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ