JALANDHAR WEATHER

ਫਾਜ਼ਿਲਕਾ 'ਚ ਭ੍ਰਿਸ਼ਟਾਚਾਰ ਖ਼ਿਲਾਫ ਵੱਡੀ ਕਾਰਵਾਈ: ਬਿਜਲੀ ਬੋਰਡ ਦਾ ਜੇ.ਈ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਫਾਜ਼ਿਲਕਾ, 17 ਫਰਵਰੀ (ਪ੍ਰਦੀਪ ਕੁਮਾਰ)- ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਫ਼ਾਜ਼ਿਲਕਾ ਵਿਜ਼ੀਲੈਂਸ ਵਿਭਾਗ ਦੀ ਟੀਮ ਨੇ ਵੱਡੀ ਕਾਰਵਾਈ ਕਰਦਿਆਂ ਬਿਜਲੀ ਬੋਰਡ ਦੇ ਇੱਕ ਜੂਨੀਅਰ ਇੰਜੀਨੀਅਰ (ਜੇ.ਈ) ਨੂੰ 4 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਮਿਲੀ ਜਾਣਕਾਰੀ ਅਨੁਸਾਰ ਦੋਸ਼ੀ ਜੇ.ਈ ਪੰਜਾਬ ਸਟੇਟ ਪਾਵਰ ਕਾਪੋਰੇਸ਼ਨ (ਬਿਜਲੀ ਬੋਰਡ) 'ਚ ਤੈਨਾਤ ਸੀ ਅਤੇ ਉਸ ਨੇ ਇੱਕ ਉਪਭੋਗਤਾ ਤੋਂ ਬਿਜਲੀ ਦੇ ਬਿਲ ‘ਤੇ ਜੁਰਮਾਨਾ ਨਾ ਲਗਾਉਣ ਦੇ ਬਦਲੇ 5 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਸੀ। ਬਾਅਦ 'ਚ ਗੱਲਬਾਤ 4 ਹਜ਼ਾਰ ਰੁਪਏ 'ਚ ਤੈਅ ਹੋ ਗਈ। ਇਹ ਕਾਰਵਾਈ ਕਾਮਰੇਡ ਆਗੂ ਵਲੋਂ ਕਰਵਾਈ ਗਈ ਹੈ।
ਇਸ ਮਾਮਲੇ 'ਚ ਕਾਮਰੇਡ ਸ਼ਿਕਾਇਤਕਰਤਾ ਨੇ ਇਸ ਬਾਰੇ ਵਿਜੀਲੈਂਸ ਵਿਭਾਗ ਨੂੰ ਸੂਚਿਤ ਕੀਤਾ। ਜਿਸ ਉਪਰੰਤ ਇੰਸਪੈਕਟਰ ਚੰਦਰਸ਼ੇਖਰ ਦੀ ਅਗਵਾਈ ਹੇਠ ਟੀਮ ਨੇ ਯੋਜਨਾਬੱਧ ਤਰੀਕੇ ਨਾਲ ਜਾਲ ਵਿਛਾਇਆ। ਵਿਜੀਲੈਂਸ ਟੀਮ ਨੇ ਬਿਜਲੀ ਬੋਰਡ ਦੇ ਦਫ਼ਤਰ ਦੇ ਬਾਹਰ ਇਕ ਚਾਹ ਦੇ ਖੋਖੇ ‘ਤੇ ਦੋਸ਼ੀ ਨੂੰ ਰਿਸ਼ਵਤ ਦੀ ਰਕਮ ਲੈਂਦੇ ਹੋਏ ਕਾਬੂ ਕਰ ਲਿਆ। ਇਸ ਕਾਰਵਾਈ ਤੋਂ ਬਾਅਦ ਦੋਸ਼ੀ iਖ਼ਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਵਿਜੀਲੈਂਸ ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਭ੍ਰਿਸ਼ਟਾਚਾਰ ਦੇ ਮਾਮਲਿਆਂ 'ਚ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕੋਈ ਸਰਕਾਰੀ ਕਰਮਚਾਰੀ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਤੁਰੰਤ ਵਿਭਾਗ ਨਾਲ ਸੰਪਰਕ ਕੀਤਾ ਜਾਵੇ। ਇਸ ਕਾਰਵਾਈ ਨਾਲ ਵਿਭਾਗ 'ਚ ਹਲਚਲ ਮਚ ਗਈ ਹੈ ਅਤੇ ਆਮ ਲੋਕਾਂ 'ਚ ਸੰਤੋਖ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ