ਹੰਬੜਾਂ ’ਚ ਕਬਾੜੀਏ ਦੀ ਦੁਕਾਨ ’ਤੇ ਧਮਾਕਾ, ਇਕ ਵਿਆਕਤੀ ਦੀ ਮੌਤ
ਹੰਬੜਾਂ, (ਲੁਧਿਆਣਾ), 22 ਅਪ੍ਰੈਲ (ਮੇਜਰ ਹੰਬੜਾਂ)- ਲੁਧਿਆਣਾ ਨੇੜੇ ਕਸਬਾ ਹੰਬੜਾਂ ’ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਬਾਂਸਲ ਸਕਰੈਪ ਕਬਾੜੀਏ ਦੀ ਦੁਕਾਨ ਚਲਾਅ ਰਹੇ ਸ਼ਿਵ ਕੁਮਾਰ ਨਿੱਬੀ ਦੀ ਦੁਕਾਨ ’ਤੇ ਕੰਮ ਕਰਦੇ ਦੋ ਮੁਲਾਜ਼ਮ ਜਦੋਂ ਕਬਾੜ ’ਚੋਂ ਅੱਗ ਬਾਲ ਕੇ ਸਕਰੈਪ ਕੱਢ ਰਹੇ ਸਨ ਤਾਂ ਅੱਗ ਵਿਚ ਕੋਈ ਚੀਜ਼ ਸੁੱਟਣ ਨਾਲ ਜ਼ਬਰਦਸਤ ਧਮਾਕਾ ਹੋ ਗਿਆ, ਜਿਸ ਕਾਰਨ ਦੋਵੇਂ ਮੁਲਾਜ਼ਮ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਲੋਕਾਂ ਦੇ ਦੱਸਣ ਮੁਤਾਬਕ ਧਮਾਕਾ ਇਨਾਂ ਜ਼ਬਰਦਸਤ ਸੀ ਕਿ ਦੂਰ ਦੂਰ ਤੱਕ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਗਈ ਤੇ ਦੇਖਦੇ ਦੇਖਦੇ ਲੋਕ ਵੱਡੀ ਗਿਣਤੀ ’ਚ ਇਕੱਠੇ ਹੋ ਗਏ ਤੇ ਲੋਕਾਂ ਵਲੋਂ ਐਂਬੂਲੈਂਸ ਨੂੰ ਫੋਨ ਕਰਕੇ ਜ਼ਖ਼ਮੀਆਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਧਮਾਕੇ ’ਚ ਜ਼ਖ਼ਮੀਆਂ ਦੀ ਪਛਾਣ ਚੰਦਨ ਕੁਮਾਰ (40) ਅਤੇ ਬਾਬਾ ਫੂਲ ਪਾਸਵਾਨ (60) ਵਜੋਂ ਹੋਈ ਹੈ। ਘਟਨਾ ਸਥਾਨ ’ਤੇ ਪੁੱਜੇ ਏ.ਸੀ.ਪੀ ਜਤਿੰਦਰਪਾਲ ਸਿੰਘ,ਐੱਸ.ਐੱਚ.ਓ. ਅੰਮ੍ਰਿਤਪਾਲ ਸਿੰਘ ਪੁਲਿਸ ਥਾਣਾ ਲਾਡੋਵਾਲ,ਚੌਂਕੀ ਇੰਚਾਰਜ ਪ੍ਰਿਤਪਾਲ ਸਿੰਘ ਦੀ ਪੁਲਿਸ ਟੀਮ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਏ.ਸੀ.ਪੀ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਧਮਾਕੇ ’ਚ ਜ਼ਖ਼ਮੀ ਚੰਦਨ ਕੁਮਾਰ, ਜਿਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ’ਚ ਲਿਜਾਇਆ ਗਿਆ ਸੀ, ਦੀ ਹਸਪਤਾਲ ਪੁੱਜਣ ਸਮੇਂ ਮੌਤ ਹੋ ਗਈ ਹੈ ਤੇ ਦੂਸਰਾ ਵਿਅਕਤੀ ਬਾਬਾ ਫੂਲ ਪਾਸਵਾਨ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਸੀ.ਟੀ.ਵੀ ਕੈਮਰੇ ਦੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਕਿਸੇ ਚੀਜ਼ ਨੂੰ ਅੱਗ ’ਚ ਸੁੱਟਣ ਉਪਰੰਤ ਧਮਾਕਾ ਹੋਇਆ ਹੈ, ਜਿਸ ਨਾਲ ਦੋਵੇਂ ਵਿਅਕਤੀ ਉਸ ਦੀ ਲਪੇਟ ਵਿਚ ਆ ਗਏ ਤੇ ਬਾਕੀ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਦੋਸ਼ੀ ਹੋਵੇਗਾ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
;
;
;
;
;
;
;
;