ਲਗਾਤਾਰ ਕਰਜ਼ ਲੈ ਰਹੀ ਮਾਨ ਸਰਕਾਰ, ਪੰਜਾਬ ਦੀ ਆਰਥਿਕਤਾ ‘ਤੇ ਮੰਡਰਾ ਰਿਹਾ ਸੰਕਟ - ਬਲੀਏਵਾਲ
ਚੰਡੀਗੜ੍ਹ, 21 ਅਪ੍ਰੈਲ (ਸੰਦੀਪ ਕੁਮਾਰ ਮਾਹਨਾ) - ਸੂਬਾ ਸਰਕਾਰ ਵਲੋਂ ਲਗਾਤਾਰ ਕਰਜ਼ ਲੈਣ ਦੇ ਮਾਮਲੇ ’ਤੇ ਸਿਆਸੀ ਤਕਰਾਰ ਤੇਜ਼ ਹੋ ਗਈ ਹੈ। ਇਸ ਸੰਬੰਧੀ ਪੰਜਾਬ ਭਾਜਪਾ ਦੇ ਸੂਬਾ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਹਨ। ਬਲੀਏਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਹਾਲ ਹੀ ਵਿਚ 1300 ਕਰੋੜ ਰੁਪਏ ਦਾ ਨਵਾਂ ਕਰਜ਼ ਲਿਆ ਗਿਆ ਹੈ, ਜਦਕਿ ਪਿਛਲੇ 20 ਦਿਨਾਂ 'ਚ ਕੁੱਲ 2800 ਕਰੋੜ ਰੁਪਏ ਦੀ ਉਧਾਰੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ 2 ਅਪ੍ਰੈਲ ਨੂੰ ਵੀ 1500 ਕਰੋੜ ਰੁਪਏ ਦਾ ਕਰਜ਼ ਲਿਆ ਗਿਆ ਸੀ, ਜਿਸ ਨਾਲ ਸਪੱਸ਼ਟ ਹੁੰਦਾ ਹੈ ਕਿ ਸਰਕਾਰ ਲਗਾਤਾਰ ਕਰਜ਼ੇ ’ਤੇ ਨਿਰਭਰ ਹੋ ਰਹੀ ਹੈ। ਇਸ ਹਿਸਾਬ ਨਾਲ ਮਾਨ ਸਰਕਾਰ ਲਗਭਗ 140 ਕਰੋੜ ਰੁਪਏ ਪ੍ਰਤੀ ਦਿਨ ਦੇ ਕਰਜ਼ੇ ‘ਤੇ ਚੱਲ ਰਹੀ ਹੈ, ਜੋ ਕਿ ਸੂਬੇ ਦੀ ਆਰਥਿਕ ਸਿਹਤ ਲਈ ਚਿੰਤਾਜਨਕ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਵਲੋਂ ਲਿਆ ਜਾ ਰਿਹਾ ਇਹ ਕਰਜ਼ ਵਿਕਾਸੀ ਕਾਰਜਾਂ ਦੀ ਬਜਾਏ ਰੋਜ਼ਾਨਾ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਵਰਤਿਆ ਜਾ ਰਿਹਾ ਹੈ।
ਬਲੀਏਵਾਲ ਨੇ ਕਿਹਾ ਕਿ ਇਸ ਵਿਚ ਸਰਕਾਰੀ ਦੌਰੇ, ਜਹਾਜ਼ੀ ਯਾਤਰਾ, ਸੁਰੱਖਿਆ ਪ੍ਰਬੰਧ, ਪੰਜ ਤਾਰਾ ਹੋਟਲਾਂ ਦੇ ਖਰਚੇ, ਸਰਕਾਰੀ ਕੋਠੀਆਂ ਦੀ ਦੇਖਭਾਲ ਅਤੇ ਇਸ਼ਤਿਹਾਰਬਾਜ਼ੀ ਵਰਗੇ ਖ਼ਰਚੇ ਸ਼ਾਮਿਲ ਹਨ। ਇਸ ਤੋਂ ਇਲਾਵਾ ਸਰਕਾਰ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਅਤੇ ਹੋਰ ਪ੍ਰਸ਼ਾਸਕੀ ਲੋੜਾਂ ਨੂੰ ਪੂਰਾ ਕਰਨ ਲਈ ਵੀ ਕਰਜ਼ ਲੈ ਰਹੀ ਹੈ। ਪੰਜਾਬ ਸਰਕਾਰ ਦਾ ਕੁੱਲ ਕਰਜ਼ਾ ਹੁਣ ਲਗਭਗ ਪੰਜ ਲੱਖ ਕਰੋੜ ਰੁਪਏ ਦੇ ਨੇੜੇ ਪਹੁੰਚ ਗਿਆ ਹੈ, ਜੋ ਕਿ ਭਵਿੱਖ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕਰਜ਼ ਲੈਣ ਦੀ ਇਹ ਗਤੀ ਜਾਰੀ ਰਹੀ ਤਾਂ ਆਉਣ ਵਾਲੇ ਸਮੇਂ 'ਚ ਸੂਬੇ ਨੂੰ ਗੰਭੀਰ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
;
;
;
;
;
;
;
;