ਆਪ ਰੈਲੀ ਤੋਂ ਵਾਪਸ ਆ ਰਹੇ ਦੋ ਚਚੇਰੇ ਭਰਾਵਾਂ ’ਤੇ ਜਾਨਲੇਵਾ ਹਮਲਾ
ਡੇਰਾਬੱਸੀ, 23 ਮਈ (ਅਲੀ)- ਡੇਰਾਬੱਸੀ ਦੀ ਪੁਰਾਣੀ ਅਕਾਲੀ ਮਾਰਕੀਟ ਨੇੜੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਆਮ ਆਦਮੀ ਪਾਰਟੀ ਦੀ ਰੈਲੀ ਤੋਂ ਵਾਪਸ ਆ ਰਹੇ ਬਾਈਕ ਸਵਾਰ ਦੋ ਚਚੇਰੇ ਭਰਾਵਾਂ ’ਤੇ ਇੱਕ ਦਰਜਨ ਤੋਂ ਵੱਧ ਨੌਜਵਾਨਾਂ ਨੇ ਕਥਿਤ ਤੌਰ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਹਮਲਾਵਰਾਂ ਵਲੋਂ ਗੰਡਾਸੀ, ਤਲਵਾਰ ਅਤੇ ਲੋਹੇ ਦੀ ਰਾਡ ਨਾਲ ਦੋਵਾਂ ’ਤੇ ਤਾਬੜਤੋੜ ਵਾਰ ਕੀਤੇ ਗਏ। ਹਮਲੇ ਵਿਚ ਦੋਵੇਂ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਡੇਰਾਬੱਸੀ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਜ਼ਖਮੀ ਹਰਸ਼ ਵਾਸੀ ਮਹਿਮਦਪੁਰ ਨੇ ਦੱਸਿਆ ਕਿ ਉਹ ਆਪਣੇ ਚਚੇਰੇ ਭਰਾ ਲਾਡੀ ਨਾਲ ਆਮ ਆਦਮੀ ਪਾਰਟੀ ਦੀ ਰੈਲੀ ਵਿਚ ਸ਼ਾਮਲ ਹੋ ਕੇ ਬਾਈਕ ’ਤੇ ਵਾਪਸ ਆ ਰਿਹਾ ਸੀ। ਜਦੋਂ ਉਹ ਪੁਰਾਣੀ ਅਕਾਲੀ ਮਾਰਕੀਟ ਨੇੜੇ ਪਹੁੰਚੇ ਤਾਂ ਪਹਿਲਾਂ ਤੋਂ ਘਾਤ ਲਗਾ ਕੇ ਬੈਠੇ ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ। ਦੋਸ਼ ਹੈ ਕਿ ਹਮਲਾਵਰਾਂ ਕੋਲ ਗੰਡਾਸੀ, ਤਲਵਾਰ ਅਤੇ ਸਾਈਕਲ ਦੀ ਗਰਾਰੀ ਲੱਗੀ ਲੋਹੇ ਦੀ ਰਾਡ ਵਰਗੇ ਹਥਿਆਰ ਸਨ।
ਪੀੜਤਾਂ ਅਨੁਸਾਰ ਹਮਲਾਵਰਾਂ ਨੇ ਆਉਂਦੇ ਹੀ ਦੋਵਾਂ ਭਰਾਵਾਂ ’ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਉਨ੍ਹਾਂ ਨੇ ਬਚਣ ਦੀ ਕੋਸ਼ਿਸ਼ ਕੀਤੀ ਪਰ ਹਮਲਾਵਰ ਲਗਾਤਾਰ ਹਮਲਾ ਕਰਦੇ ਰਹੇ। ਵਾਰਦਾਤ ਦੌਰਾਨ ਉਨ੍ਹਾਂ ਦੇ ਹੋਰ ਸਾਥੀ ਵੀ ਮੌਜੂਦ ਸਨ, ਪਰ ਹਮਲਾਵਰਾਂ ਨੇ ਖਾਸ ਤੌਰ ’ਤੇ ਹਰਸ਼ ਅਤੇ ਉਸਦੇ ਚਚੇਰੇ ਭਰਾ ਨੂੰ ਨਿਸ਼ਾਨਾ ਬਣਾਇਆ। ਦੱਸਿਆ ਜਾ ਰਿਹਾ ਹੈ ਕਿ ਹਮਲੇ ਦੇ ਪਿੱਛੇ ਪੁਰਾਣੀ ਰੰਜਿਸ਼ ਹੋ ਸਕਦੀ ਹੈ। ਜ਼ਖਮੀ ਪੱਖ ਦਾ ਕਹਿਣਾ ਹੈ ਕਿ ਲਗਭਗ ਤਿੰਨ ਮਹੀਨੇ ਪਹਿਲਾਂ ਸਕੂਲ ਡੇਰਾਬੱਸੀ ਦੇ ਬਾਹਰ ਹੋਏ ਵਿਵਾਦ ਨਾਲ ਇਹ ਮਾਮਲਾ ਜੁੜਿਆ ਹੋਇਆ ਹੈ ਅਤੇ ਉਸੇ ਰੰਜਿਸ਼ ਕਾਰਨ ਇਹ ਹਮਲਾ ਕੀਤਾ ਗਿਆ।
ਹਮਲਾਵਰ ਵਾਰਦਾਤ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ।
ਜਾਣ ਤੋਂ ਪਹਿਲਾਂ ਉਨ੍ਹਾਂ ਨੇ ਪੀੜਤਾਂ ਦੀ ਮੋਟਰਸਾਈਕਲ ਵੀ ਬੁਰੀ ਤਰ੍ਹਾਂ ਤੋੜ ਦਿੱਤੀ। ਸਥਾਨਕ ਲੋਕਾਂ ਦੀ ਮਦਦ ਨਾਲ ਦੋਵਾਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ।
ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਅਨੁਸਾਰ ਜ਼ਖਮੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾਵੇਗੀ। ਪੁਲਿਸ ਨੇ ਦਾਅਵਾ ਕੀਤਾ ਕਿ ਦੋਸ਼ੀਆਂ ਦੀ ਪਛਾਣ ਕਰਕੇ ਜਲਦੀ ਕਾਰਵਾਈ ਕੀਤੀ ਜਾਵੇਗੀ।
;
;
;
;
;
;
;
;
;