ਨਗਰ ਕੌਂਸਲ ਚੋਣਾਂ ਵਿੱਚ ਪ੍ਰਬੰਧਾਂ ਦੀ ਭਾਰੀ ਘਾਟ, ਅੰਗਹੀਣ ਵੋਟਰਾਂ ਲਈ ਨਹੀਂ ਕੀਤੇ ਗਏ ਕੋਈ ਪੁਖਤਾ ਪ੍ਰਬੰਧ
ਮਜੀਠਾ/ ਅੰਮ੍ਰਿਤਸਰ, 26 ਮਈ (ਜਗਤਾਰ ਸਿੰਘ ਸਹਿਮੀ, ਮਨਿੰਦਰ ਸਿੰਘ ਸੋਖੀ): ਨਗਰ ਕੌਂਸਲ ਚੋਣਾਂ ਵਿੱਚ ਜਿਲਾ ਪ੍ਰਸ਼ਾਸਨ ਅਤੇ ਚੋਣ ਅਧਿਕਾਰੀਆਂ ਵੱਲੋਂ ਪੂਰੀ ਤਿਆਰੀ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਵਾਰਡ ਨੰਬਰ 5 ਦੇ ਬਿਜਲੀ ਘਰ ਮਜੀਠਾ ਵਿਖੇ ਬਣੇ ਪੋਲਿੰਗ ਬੂਥ ਉੱਤੇ ਪ੍ਰਬੰਧਾਂ ਦੀ ਭਾਰੀ ਘਾਟ ਨਜ਼ਰ ਆਈ। ਸਵੇਰ ਤੋਂ ਹੀ ਇੱਥੇ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ ਅਤੇ ਵੋਟਰ ਧੁੱਪ ਵਿੱਚ ਖੜ੍ਹੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ।
ਖਾਸ ਤੌਰ ਤੇ ਬਜ਼ੁਰਗ ਅਤੇ ਅੰਗਹੀਣ ਵੋਟਰਾਂ ਲਈ ਕੋਈ ਵਖਰਾ ਪ੍ਰਬੰਧ ਨਾ ਹੋਣ ਕਾਰਨ ਉਨ੍ਹਾਂ ਨੂੰ ਭਾਰੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਅੰਗਹੀਣ ਵੋਟਰ ਮੰਗਾ ਸਿੰਘ ਪੁੱਤਰ ਨਿੱਕਾ ਸਿੰਘ ਚੌਧਰੀ ਵਾਸੀ ਮਜੀਠਾ , ਜੋ ਅਧਰੰਗ ਤੋਂ ਪੀੜਤ ਹੈ, ਪਰਿਵਾਰ ਨਾਲ ਵੋਟ ਪਾਉਣ ਆਇਆ ਸੀ ਪਰ ਉਸ ਲਈ ਵ੍ਹੀਲਚੇਅਰ ਜਾਂ ਕਿਸੇ ਤਰ੍ਹਾਂ ਦੀ ਸਹਾਇਤਾ ਉਪਲਬਧ ਨਾ ਹੋਣ ਕਾਰਨ ਉਸ ਨੂੰ ਬਿਨਾਂ ਵ੍ਹੀਲਚੇਅਰ ਤੋਂ ਵੋਟ ਪਾਉਣੀ ਪਈ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਬਾਹਰ ਲਿਆਂਦਾ। ਬੂਥ ਨੂੰ ਬੈਰੀਗੇਟਿੰਗ ਲਗਾ ਕੇ ਰੋਕਿਆ ਗਿਆ ਹੈ, ਜਿਸ ਕਾਰਨ ਵੋਟਰਾਂ ਨੂੰ ਵਧੇਰੇ ਮੁਸੀਬਤ ਆ ਰਹੀ ਹੈ।
ਇਸ ਬੂਥ ਨੂੰ ਅਤਿਅੰਤ ਸੰਵੇਦਨਸ਼ੀਲ ਮੰਨਿਆ ਜਾ ਰਿਹਾ ਹੈ ਕਿਉਂਕਿ ਇਸੇ ਵਾਰਡ ਵਿੱਚ ਬਿਕਰਮ ਸਿੰਘ ਮਜੀਠੀਆ ਦੀ ਵੋਟ ਹੈ ਅਤੇ ਉਹ ਵੀ ਆਪਣੀ ਵੋਟ ਪਾਉਣ ਆਉਣ ਵਾਲੇ ਹਨ। ਇਸ ਲਈ ਸੁਰੱਖਿਆ ਪ੍ਰਬੰਧ ਤੰਗ ਹਨ, ਪਰ ਵੋਟਰਾਂ ਦੀ ਸਹੂਲਤ ਵੱਲ ਧਿਆਨ ਨਹੀਂ ਦਿੱਤਾ ਗਿਆ।
ਵੋਟਰਾਂ ਵਿੱਚ ਭਾਵੇਂ ਭਾਰੀ ਉਤਸਾਹ ਵੇਖਿਆ ਗਿਆ ਪਰ ਚੋਣ ਕਮਿਸ਼ਨ ਅਤੇ ਜਿਲਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧਾਂ ਉੱਤੇ ਸਵਾਲ ਉਠ ਰਹੇ ਹਨ। ਲੋਕਾਂ ਨੇ ਚੋਣ ਅਧਿਕਾਰੀਆਂ ਤੋਂ ਤੁਰੰਤ ਦਖਲ ਅਤੇ ਅੰਗਹੀਣ ਵੋਟਰਾਂ ਲਈ ਬਿਹਤਰ ਪ੍ਰਬੰਧਾਂ ਦੀ ਮੰਗ ਕੀਤੀ ਹੈ।
ਕੈਪਸਨ: ਵਾਰਡ ਨੰਬਰ 5 ਦੇ ਬਿਜਲੀ ਘਰ ਮਜੀਠਾ ਵਿਖੇ ਬਣੇ ਪੋਲਿੰਗ ਬੂਥ ਉੱਪਰ ਸੁਰੱਖਿਆ ਦੇ ਪ੍ਰਬੰਧ , ਅੰਗਹੀਣ ਨੂੰ ਬਿਨਾਂ ਵੀਲ ਚੇਅਰ ਤੋਂ ਵੋਟ ਪਾਵਾ ਕੇ ਬਾਹਰ ਲਿਆਉਂਦੇ ਹੋਏ ਪਰਿਵਾਰਿਕ ਮੈਂਬਰ।
;
;
;
;
;
;
;
;