ਅੱਗ ਲੱਗਣ ਨਾਲ ਟਰਾਲਾ ਤੇ ਗੱਠਾਂ ਸੜ ਕੇ ਸੁਆਹ
ਚੋਗਾਵਾਂ/ਅੰਮ੍ਰਿਤਸਰ, 2 ਜੂਨ (ਗੁਰਵਿੰਦਰ ਸਿੰਘ ਕਲਸੀ) - ਪਿੰਡ ਭਿੱਟੇਵੱਡ ਵਿਖੇ ਬਿਜਲੀ ਦੀਆਂ ਨੀਵੀਆਂ ਤਾਰਾਂ ਕਾਰਨ ਗੱਠਾਂ ਨਾਲ ਭਰੇ ਟਰੈਕਟਰ ਟਰਾਲੇ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਣ ਦੀ ਖ਼ਬਰ ਹੈ। ਇਸ ਸੰਬੰਧੀ ਭਰੇ ਮਨ ਨਾਲ ਜਾਣਕਾਰੀ ਦਿੰਦਿਆਂ ਸਰਬਜੀਤ ਸਿੰਘ ਪਿੰਡ ਭਿੱਟੇਵੱਡ ਨੇ ਦੱਸਿਆ ਕਿ ਉਹ ਬੇਲਰਾਂ ਰਾਹੀਂ ਪਰਾਲੀ ਦੀਆਂ ਗੱਠਾਂ ਬਣਾ ਕੇ ਪਠਾਨਕੋਟ ਟਰਾਂਸਪੋਰਟ ਕਰ ਰਹੇ ਹਨ। ਅੱਜ ਭਿੱਟੇਵੱਡ ਨਹਿਰ ਨਜ਼ਦੀਕ ਗੱਠਾਂ ਨਾਲ ਭਰਿਆ ਟਰੈਕਟਰ ਟਰਾਲਾ ਜਾ ਰਿਹਾ ਸੀ। ਉੱਥੇ ਨੀਵੀਆਂ ਤਾਰਾਂ ਕਾਰਨ ਹੋਏ ਸਪਾਰਕਿੰਗ ਕਾਰਨ ਟਰਾਲੇ ਵਾਲੀਆਂ ਗੱਠਾਂ ਨੂੰ ਅੱਗ ਲੱਗ ਗਈ। ਵੇਖਦਿਆਂ ਹੀ ਵੇਖਦਿਆਂ ਵੇਖਦਿਆਂ ਹੀ ਇਹ ਅੱਗ ਭਿਆਨਕ ਰੂਪ ਧਾਰਨ ਕਰ ਗਈ। ਡਰਾਇਵਰ ਨੇ ਟਰੈਕਟਰ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਘਟਨਾ ਸਥਾਨ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਵੀ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਫਿਰ ਵੀ ਟਰਾਲੇ ਵਿਚ ਲੱਦੀਆਂ ਗੱਠਾਂ ਤੇ ਟਰਾਲਾ ਸੜ ਕੇ ਸੁਆਹ ਹੋ ਗਿਆ।
ਉਨ੍ਹਾਂ ਦੋਸ਼ ਲਗਾਇਆ ਕਿ ਭਿੱਟੇਵੱਡ ਵਿਚ ਨੀਵੀਆਂ ਤਾਰਾਂ ਹੋਣ ਕਾਰਨ ਉਨ੍ਹਾਂ ਇਕ ਸਾਲ ਪਹਿਲਾਂ ਬਿਜਲੀ ਮਹਿਕਮੇ ਅਤੇ ਜਿਲ੍ਹੇ ਦੇ ਡੀ.ਸੀ. ਦੇ ਵੀ ਧਿਆਨ ਵਿਚ ਲਿਆਂਦਾ ਸੀ। ਪਰ ਬਿਜਲੀ ਮਹਿਕਮੇ ਨੇ ਕੋਈ ਧਿਆਨ ਨਹੀਂ ਦਿੱਤਾ, ਜਿਸ ਕਾਰਨ ਉਨ੍ਹਾਂ ਦਾ ਪੰਜ ਲੱਖ ਦੇ ਕਰੀਬ ਨੁਕਸਾਨ ਹੋ ਗਿਆ। ਚੋਗਾਵਾਂ ਬਿਜਲੀ ਦਫ਼ਤਰ ਦਾ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ। ਘਟਨਾ ਸਥਾਨ ਤੇ ਪਹੁੰਚੇ ਥਾਣਾ ਰਾਜਾਸਾਂਸੀ ਦੇ ਏ.ਐਸ.ਆਈ. ਜਸਬੀਰ ਸਿੰਘ ਨੇ ਕਿਹਾ ਕਿ ਪਰਿਵਾਰ ਜੋ ਬਿਆਨ ਲਿਖਾਉਣਗੇ ਉਸ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ।
;
;
;
;
;
;
;
;