JALANDHAR WEATHER

ਕੋਰਟ 'ਚ ਚੱਲ ਰਹੇ ਜ਼ਮੀਨੀ ਵਿਵਾਦ ਦੌਰਾਨ ਭਿੜੀਆਂ ਦੋ ਧਿਰਾਂ

ਸਨੌਰ (ਪਟਿਆਲਾ), 2 ਜੂਨ (ਸੋਖਲ) - ਪਟਿਆਲਾ ਦੇ ਹਲਕਾ ਸਨੌਰ ਦੇ ਪਿੰਡ ਬੱਤੀ ਵਿਚ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਸਿਆਸੀ ਅਤੇ ਸਮਾਜਿਕ ਹਲਚਲ ਤੇਜ਼ ਹੋ ਗਈ ਹੈ। ਇਸ ਮਾਮਲੇ ਨੇ ਉਸ ਸਮੇਂ ਹੋਰ ਵੀ ਤੂਲ ਫੜ ਲਿਆ ਜਦੋਂ ਘਟਨਾ ਨਾਲ ਸੰਬੰਧਿਤ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਵੀਡੀਓ ਵਿਚ ਇਕ ਵਿਅਕਤੀ ਆਪਣੇ ਅਤੇ ਆਪਣੇ ਪਰਿਵਾਰ ਨਾਲ ਹੋਈ ਕੁੱਟਮਾਰ ਸੰਬੰਧੀ ਜਾਣਕਾਰੀ ਦਿੰਦਾ ਨਜ਼ਰ ਆ ਰਿਹਾ ਹੈ। ਇਸ ਸੰਬੰਧੀ ਪਿੰਡ ਬੱਤੀ ਦੇ ਸਰਪੰਚ ਗੁਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਜ਼ਮੀਨ ਸੰਬੰਧੀ ਮਾਮਲਾ ਪਿਛਲੇ 8 ਤੋਂ 9 ਮਹੀਨਿਆਂ ਤੋਂ ਅਦਾਲਤ ਵਿਚ ਵਿਚਾਰ ਅਧੀਨ ਹੈ। ਉਨ੍ਹਾਂ ਕਿਹਾ ਕਿ ਉਹ ਸਨੌਰ ਤੋਂ ਆਪਣੇ ਪਿੰਡ ਵਾਪਸ ਜਾ ਰਹੇ ਸਨ ਤਾਂ ਉਨ੍ਹਾਂ ਨੇ ਦੇਖਿਆ ਕਿ ਵਿਵਾਦਤ ਜ਼ਮੀਨ ਵਿਚ ਦੂਜੀ ਧਿਰ ਵਲੋਂ ਮਿੱਟੀ ਦੀ ਪਟਾਈ ਕੀਤੀ ਜਾ ਰਹੀ ਸੀ। ਜਦੋਂ ਉਨ੍ਹਾਂ ਇਸ ਕੰਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ 'ਤੇ ਕਹੀ ਨਾਲ ਹਮਲਾ ਕੀਤਾ ਗਿਆ। ਸਰਪੰਚ ਦਾ ਦੋਸ਼ ਹੈ ਕਿ ਇਸ ਤੋਂ ਬਾਅਦ ਜਦੋਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਮੌਕੇ 'ਤੇ ਪਹੁੰਚੇ ਤਾਂ ਦੂਜੀ ਧਿਰ ਵਲੋਂ ਉਨ੍ਹਾਂ ਨਾਲ ਵੀ ਮਾਰਕੁੱਟ ਕੀਤੀ ਗਈ ਅਤੇ ਕੱਪੜੇ ਤੱਕ ਪਾੜ ਦਿੱਤੇ ਗਏ। ਦੂਜੇ ਪਾਸੇ, ਦੂਜੀ ਧਿਰ ਦੇ ਕਰੀਬੀ ਮਨਦੀਪ ਸਿੰਘ ਨੇ ਇਸ ਮਾਮਲੇ 'ਤੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਜ਼ਮੀਨ ਸੰਬੰਧੀ ਮਾਮਲਾ ਕਾਫ਼ੀ ਸਮੇਂ ਤੋਂ ਅਦਾਲਤ ਵਿਚ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਹ ਜ਼ਮੀਨ ਦੀ ਲੈਵਲਿੰਗ ਦਾ ਕੰਮ ਕਰ ਰਹੇ ਸਨ, ਜਿਸ ਦੌਰਾਨ ਸਰਪੰਚ ਮੌਕੇ 'ਤੇ ਪਹੁੰਚੇ ਅਤੇ ਤਕਰਾਰ ਸ਼ੁਰੂ ਹੋ ਗਈ। ਉਨ੍ਹਾਂ ਦੇ ਅਨੁਸਾਰ ਇਸ ਤੋਂ ਬਾਅਦ ਦੋਵੇਂ ਧਿਰਾਂ ਦੇ ਪਰਿਵਾਰਕ ਮੈਂਬਰ ਵੀ ਮੌਕੇ 'ਤੇ ਪਹੁੰਚ ਗਏ ਅਤੇ ਝਗੜਾ ਵੱਧ ਗਿਆ। ਇਸ ਮਾਮਲੇ ਸੰਬੰਧੀ ਥਾਣਾ ਮੁਖੀ ਹਰਮਿੰਦਰ ਸਿੰਘ ਨੇ ਦੱਸਿਆ ਕਿ ਦੋਵੇਂ ਧਿਰਾਂ ਆਪਸ ਵਿਚ ਚਾਚੇ-ਤਾਏ ਦੇ ਲੜਕੇ ਹਨ ਅਤੇ ਵਿਵਾਦ ਸਾਂਝੀ ਜ਼ਮੀਨ ਵਿਚੋਂ ਮਿੱਟੀ ਚੁੱਕਣ ਨੂੰ ਲੈ ਕੇ ਹੋਇਆ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਸੰਬੰਧੀ ਅਦਾਲਤੀ ਮਾਮਲੇ ਬਾਰੇ ਉਨ੍ਹਾਂ ਨੂੰ ਪੂਰੀ ਜਾਣਕਾਰੀ ਨਹੀਂ ਹੈ। ਥਾਣਾ ਮੁਖੀ ਨੇ ਦੱਸਿਆ ਕਿ ਦੋਵੇਂ ਧਿਰਾਂ ਦੇ ਜ਼ਖ਼ਮੀ ਮੈਂਬਰ ਇਸ ਵੇਲੇ ਰਾਜਿੰਦਰਾ ਹਸਪਤਾਲ ਵਿਚ ਦਾਖ਼ਲ ਹਨ। ਡਾਕਟਰਾਂ ਦੀ ਰਿਪੋਰਟ ਅਤੇ ਮੈਡੀਕਲ ਰਾਏ ਪ੍ਰਾਪਤ ਹੋਣ ਤੋਂ ਬਾਅਦ ਹੀ ਮਾਮਲੇ ਵਿਚ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ