ਰਾਤ ਦੇ ਹਨੇਰੇ 'ਚ ਵਿਧਾਇਕ ਮਾਣੂੰਕੇ ਦੀ ਵੱਡੀ ਕਾਰਵਾਈ, ਵੇਅਰ ਹਾਊਸ ਦੀ ਕਣਕ 'ਤੇ ਪਾਣੀ ਪਾਉਣ ਦਾ ਪਰਦਾਫਾਸ਼
ਜਗਰਾਉਂ (ਲੁਧਿਆਣਾ), 2 ਜੂਨ – ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਦੇਰ ਸ਼ਾਮ ਇਕ ਨਿੱਜੀ ਸ਼ੈਲਰ ਵਿਚ ਸਟੋਰ ਕੀਤੀ ਗਈ ਵੇਅਰ ਹਾਊਸ ਦੀਆਂ ਹਜ਼ਾਰਾਂ ਬੋਰੀਆਂ ਕਣਕ 'ਤੇ ਮੋਟਰ ਰਾਹੀਂ ਪਾਣੀ ਪਾਕੇ ਭਾਰ ਵਧਾਏ ਜਾਣ ਦੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਇਸ ਘਟਨਾ ਨੂੰ ਗੰਭੀਰ ਕਰਾਰ ਦਿੰਦਿਆਂ ਉਨ੍ਹਾਂ ਇਸ ਨੂੰ ਗਰੀਬ ਅਤੇ ਲੋੜਵੰਦ ਲੋਕਾਂ ਦੇ ਹੱਕਾਂ ਨਾਲ ਖਿਲਵਾੜ ਦੱਸਿਆ ਹੈ।
ਵਿਧਾਇਕਾ ਮੁਤਾਬਕ ਇਹ ਮਾਮਲਾ ਕਰਮਜੀਤ ਸਿੰਘ ਕੰਮੀ, ਚੇਅਰਮੈਨ ਮਾਰਕੀਟ ਕਮੇਟੀ ਹਠੂਰ, ਵਲੋਂ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਗਿਆ ਸੀ। ਵਿਧਾਇਕ ਮਾਣੂੰਕੇ ਦਾ ਦਾਅਵਾ ਹੈ ਕਿ ਉਨ੍ਹਾਂ ਮੌਕੇ 'ਤੇ ਆ ਕੇ ਦੇਖਿਆ ਤਾਂ.ਦੋ ਵਿਅਕਤੀ ਕਣਕ ਦੀਆਂ ਬੋਰੀਆਂ 'ਤੇ ਮੋਟਰ ਨਾਲ ਪਾਣੀ ਪਾ ਰਹੇ ਸਨ । ਉਨਾਂ ਕਿਹਾ ਕਿ ਇਹ ਸਰਾਸਰ ਧੋਖਾਧੜੀ ਹੈ ਕਿਉਂਕਿ ਇਹ ਕਣਕ ਸਰਕਾਰੀ ਵੰਡ ਪ੍ਰਣਾਲੀ ਰਾਹੀਂ ਗਰੀਬ ਅਤੇ ਲੋੜਵੰਦ ਲੋਕਾਂ ਤੱਕ ਪਹੁੰਚਣੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਕਣਕ ਦਾ ਭਾਰ ਵਧਾਉਣ ਲਈ ਉਸ 'ਤੇ ਪਾਣੀ ਪਾਇਆ ਜਾ ਰਿਹਾ ਸੀ, ਜਿਸ ਨਾਲ ਨਾ ਸਿਰਫ਼ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਦਾ ਹੈ ਸਗੋਂ ਕਣਕ ਦੀ ਗੁਣਵੱਤਾ ਵੀ ਪ੍ਰਭਾਵਿਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕੁਝ ਅਧਿਕਾਰੀਆਂ ਵਲੋਂ ਕੀਤੀ ਜਾ ਰਹੀ ਇਹ ਘਿਨਾਉਣੀ ਹਰਕਤ ਸੂਬਾ ਸਰਕਾਰ ਦੀ ਸਾਫ਼-ਸੁਥਰੀ ਕਾਰਗੁਜ਼ਾਰੀ ਨੂੰ ਵੀ ਢਾਹ ਲਗਾਉਣ ਦੀ ਕੋਸ਼ਿਸ਼ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅਜਿਹੀਆਂ ਗ਼ੈਰ-ਜ਼ਿੰਮੇਵਾਰਾਨਾ ਕਾਰਵਾਈਆਂ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ।
ਵਿਧਾਇਕਾ ਨੇ ਦੱਸਿਆ ਕਿ ਇਸ ਸਾਰੇ ਮਾਮਲੇ ਦੀ ਜਾਣਕਾਰੀ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਧਿਆਨ ਵਿਚ ਲਿਆਂਦੀ ਗਈ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਸ ਮੌਕੇ ਥਾਣਾ ਸਿਟੀ ਦੇ ਇੰਸਪੈਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਸੰਬੰਧਿਤ ਵਿਭਾਗ ਦੀ ਸਿਕਾਇਤ ਅਧਾਰਿਤ ਜੋ ਬਣਦੀ ਕਾਰਵਾਈ ਹੋਵੇਗੀ ਅਮਲ ਵਿਚ ਲਿਆਂਦੀ ਜਾਵੇਗੀ।
;
;
;
;
;
;
;
;