ਕਲਾਨੌਰ ਦੇ ਨਿੱਜੀ ਹਸਪਤਾਲ ਵਿਚ ਗ੍ਰਨੇਡ ਸੁੱਟਣ ਵਾਲਾ ਪੁਲਿਸ ਨੇ ਕੁਝ ਘੰਟਿਆਂ ਵਿਚ ਕੀਤਾ ਕਾਬੂ
ਗੁਰਦਾਸਪੁਰ, 2 ਜੂਨ (ਗੁਰਪ੍ਰਤਾਪ ਸਿੰਘ) - ਅੱਜ ਦੁਪਹਿਰ ਦੇ ਕਰੀਬ ਢਾਈ ਵਜੇ ਕਲਾਨੌਰ ਦੇ ਇਕ ਨਿੱਜੀ ਹਸਪਤਾਲ ਤੇ ਗ੍ਰਨੇਡ ਨਾਲ ਹਮਲਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਵਲੋਂ ਮੌਕੇ ਤੋਂ ਸਬੂਤ ਇਕੱਠੇ ਕਰਨ ਤੋਂ ਬਾਅਦ ਵੱਖ ਵੱਖ ਟੀਮਾਂ ਬਣਾ ਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਸੀ। ਐਸ.ਐਸ.ਪੀ. ਗੁਰਦਾਸਪੁਰ ਅਦਿਤਿਆ ਨੇ ਦੇਰ ਸ਼ਾਮ ਕੀਤੀ ਗਈ ਪ੍ਰੈਸ ਵਾਰਤਾ ਵਿਚ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਕਲਾਨੌਰ ਵਿਖੇ ਗ੍ਰਨੇਡ ਹਮਲਾ ਕਰਨ ਵਾਲਾ ਦੋਸ਼ੀ ਗੁਰਦਾਸਪੁਰ ਪੁਲਿਸ ਵਲੋਂ ਤਰਨ ਤਾਰਨ ਤੋਂ ਕਾਬੂ ਕਰ ਲਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਨਿੱਜੀ ਹਸਪਤਾਲ ਉੱਪਰ ਗ੍ਰਨੇਡ ਹਮਲਾ ਹੋਣ ਤੋਂ ਬਾਅਦ ਤੁਰੰਤ ਐਕਸ਼ਨ ਵਿਚ ਆਉਂਦੇ ਹੋਏ ਪੁਲਿਸ ਵਲੋਂ ਵੱਖ-ਵੱਖ ਟੀਮਾਂ ਬਣਾ ਕੇ ਇਸ ਮਾਮਲੇ ਨੂੰ ਹੱਲ ਕਰਨ ਲਈ ਸਬੂਤ ਜਟਾਉਣੇ ਅਤੇ ਦੋਸ਼ੀਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਸੀ.ਸੀ.ਟੀ.ਵੀ. ਕੈਮਰੇ ਖੰਘਾਲਣ, ਹਿਊਮਨ ਇੰਟੈਲੀਜੈਂਸ ਅਤੇ ਟੈਕਨੀਕਲ ਤਰੀਕੇ ਨਾਲ ਕੀਤੀ ਗਈ ਤਫਤੀਸ਼ ਵਿਚ ਪੁਲਿਸ ਵਲੋਂ ਧਰਮਿੰਦਰ ਸਿੰਘ ਉਰਫ ਟਿੰਡੀ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਅਗਵਾਨ ਨੂੰ ਤਰਨ ਤਾਰਨ ਤੋਂ ਕਾਬੂ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀ ਦੇ ਖ਼ਿਲਾਫ਼ ਇਕ ਚੋਰੀ ਅਤੇ ਦੋ ਐਨ.ਡੀ.ਪੀ.ਐਸ. ਐਕਟ ਦੇ ਮਾਮਲੇ ਪਹਿਲਾਂ ਵੀ ਦਰਜ ਹਨ। ਐਸ.ਐਸ.ਪੀ. ਗੁਰਦਾਸਪੁਰ ਮੁਤਾਬਿਕ ਇਸ ਮਾਮਲੇ ਦੀ ਤਫਤੀਸ਼ ਚੱਲ ਰਹੀ ਹੈ ਅਤੇ ਇਸ ਵਿਚ ਹੋਰ ਵੀ ਖ਼ੁਲਾਸੇ ਹੋਣ ਦੀ ਆਸ ਹੈ।
;
;
;
;
;
;
;
;