JALANDHAR WEATHER

ਇਤਿਹਾਸਕ ਗੁਰਦੁਆਰਾ ਗੁਰੂਸਰ ਮਾਦੋਕੇ, ਬਰਾੜ ਵਿਖੇ ਸਾਲਾਨਾ ਜੋੜ ਮੇਲਾ ਮਨਾਇਆ ਗਿਆ

ਚੋਗਾਵਾਂ/ਅੰਮ੍ਰਿਤਸਰ, 6 ਜੂਨ (ਗੁਰਵਿੰਦਰ ਸਿੰਘ ਕਲਸੀ)- ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਗੁਰੂਸਰ ਮਾਦੋਕੇ ਬਰਾੜ ਵਿਖੇ ਸਾਲਾਨਾ ਜੋੜ ਮੇਲਾ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਸਜੇ ਖੁੱਲ੍ਹੇ ਦੀਵਾਨ ਹਾਲ 'ਚ ਭਾਈ ਸਤਨਾਮ ਸਿੰਘ ਲਾਲੂ ਘੁੰਮਣ ਦਾ ਢਾਡੀ ਜਥਾ, ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਲਖਵਿੰਦਰ ਸਿੰਘ ਰਾਏ ਦੇ ਕਵੀਸ਼ਰੀ ਜਥੇ ਨੇ ਜੁੜੀ ਸੰਗਤ ਨੂੰ ਸੁਰਬੀਰ ਯੋਧਿਆਂ ਦਾ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਜੋੜ ਮੇਲੇ ਵਿਚ ਸੰਤ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ, ਬਾਬਾ ਨਾਹਰ ਸਿੰਘ ਸਾਧ, ਕਾਰ ਸੇਵਾ ਵਾਲੇ ਸੰਤ ਬਾਬਾ ਸਤਨਾਮ ਸਿੰਘ ਗੁਰੂ ਕਾ ਬਾਗ, ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਭਿੱਟੇਵੱਡ, ਸੰਤ ਬਾਬਾ ਰਘੁਬੀਰ ਸਿੰਘ ਖਿਆਲੇ ਵਾਲੇ, ਬਾਬਾ ਸੁਖਦੇਵ ਸਿੰਘ ਖਿਆਲੇ ਵਾਲੇ, ਬਾਬਾ ਉਦਮ ਸਿੰਘ ਨੇ ਉਚੇਚੇ ਤੌਰ 'ਤੇ ਹਾਜ਼ਰੀ ਭਰੀ।ਹੈੱਡ ਗ੍ਰੰਥੀ ਨਿਰਵੈਲ ਸਿੰਘ ਵਲੋਂ ਸੰਤ ਮਹਾਂਪੁਰਸ਼ ਤੇ ਜਥਿਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ।

ਇਸ ਮੌਕੇ ਫਲਾਂ ਦੇ ਜੂਸ, ਕੋਲਡ ਡਰਿੰਕ, ਠੰਢੇ ਮਿੱਠੇ ਜਲ ਦੀਆਂ ਛਬੀਲਾਂ ਸਮੇਤ ਗੁਰੂ ਕੇ ਲੰਗਰ ਅਤੁੱਟ ਵਰਤੇ। ਸ਼ਾਮ ਨੂੰ ਕਬੱਡੀ ਟੂਰਨਾਮੈਂਟ ਕਰਵਾਇਆ, ਜਿਸ ਵਿਚ ਸਤਲਾਣੀ ਸਾਹਿਬ ਅਤੇ ਸ਼ਹੀਦ ਭਾਈ ਲਖਮੀਰ ਸਿੰਘ ਕਬੱਡੀ ਕਲੱਬ ਘਰਿਆਲਾ ਦੀਆਂ ਟੀਮਾਂ ਦਰਮਿਆਨ ਫਸਵੇਂ ਮੁਕਾਬਲੇ ਵੇਖਣ ਨੂੰ ਮਿਲੇ। ਪ੍ਰਬੰਧਕਾਂ ਵਲੋਂ ਜੇਤੂ ਟੀਮਾਂ ਨੂੰ ਨਗਦ ਰਾਸ਼ੀ ਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਰਵਿੰਦਰ ਸਿੰਘ ਬਰਾੜ, ਕੁਲਵੰਤ ਸਿੰਘ ਭਿੱਟੇਵੱਡ, ਸਵਿੰਦਰ ਸਿੰਘ, ਸਾਬਕਾ ਸਰਪੰਚ ਸ਼ਮਸ਼ੇਰ ਸਿੰਘ, ਸਰਪੰਚ ਪ੍ਰਗਟ ਸਿੰਘ ਸਮੇਤ ਵੱਡੀ ਗਿਣਤੀ ਵਿਚ ਆਸ-ਪਾਸ ਦੇ ਪਿੰਡਾਂ ਤੋਂ ਇਲਾਵਾ ਸਮੂਹ ਪਿੰਡ ਦੀਆਂ ਸੰਗਤਾਂ ਹਾਜ਼ਰ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ