ਪੁਰਾਣੀ ਰੰਜਿਸ਼ ਕਾਰਨ ਬਹਾਦਰ ਖੇੜਾ ਵਿਚ ਦੋ ਧਿਰਾਂ ਭਿੜੀਆਂ
ਬੱਲੂਆਣਾ, 6 ਜੂਨ 2026- ਬੱਲੂਆਣਾ ਹਲਕੇ ਦੇ ਪਿੰਡ ਬਹਾਦਰ ਖੇੜਾ ਵਿਚ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਏ ਟਕਰਾਅ ਨੇ ਪਿੰਡ ਦਾ ਮਾਹੌਲ ਤਣਾਅਪੂਰਨ ਬਣਾ ਦਿੱਤਾ। ਘਟਨਾ ਦੌਰਾਨ ਇੱਟਾਂ ਅਤੇ ਰੋੜਿਆਂ ਦੀ ਵਰਖਾ ਕੀਤੇ ਜਾਣ ਦੇ ਦੋਸ਼ ਲੱਗੇ ਹਨ। ਜਾਣਕਾਰੀ ਅਨੁਸਾਰ ਰਮਨਦੀਪ ਪੁੱਤਰ ਕ੍ਰਿਸ਼ਨ ਆਪਣੇ ਤਾਏ ਦੇ ਲੜਕੇ ਵਿਕਰਮ ਪੁੱਤਰ ਰਾਣਾ ਰਾਮ ਨਾਲ ਦੁਕਾਨ ਤੋਂ ਘਰ ਵਾਪਸ ਆ ਰਿਹਾ ਸੀ। ਇਸ ਦੌਰਾਨ ਰਸਤੇ ਵਿਚ ਦੂਜੀ ਧਿਰ ਦੇ ਲੋਕਾਂ ਨਾਲ ਉਨ੍ਹਾਂ ਦੀ ਕਥਿਤ ਤੌਰ ’ਤੇ ਤਕਰਾਰ ਹੋ ਗਈ। ਪੀੜਤ ਧਿਰ ਦਾ ਦੋਸ਼ ਹੈ ਕਿ ਪੁਰਾਣੀ ਰੰਜਿਸ਼ ਦੇ ਚਲਦਿਆਂ ਦੂਜੀ ਧਿਰ ਨੇ ਉਨ੍ਹਾਂ ਉੱਤੇ ਅਚਾਨਕ ਇੱਟਾਂ ਅਤੇ ਰੋੜਿਆਂ ਨਾਲ ਹਮਲਾ ਕਰ ਦਿੱਤਾ।
ਸਥਾਨਕ ਲੋਕਾਂ ਮੁਤਾਬਕ ਦੋਵੇਂ ਧਿਰਾਂ ਵਿਚਾਲੇ ਕਰੀਬ ਅੱਧਾ ਤੋਂ ਪੌਣਾ ਘੰਟਾ ਤੱਕ ਇੱਟਾਂ-ਰੋੜੇ ਚਲਦੇ ਰਹੇ, ਜਿਸ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਪਿੰਡ ਦੇ ਲੋਕ ਮੌਕੇ ’ਤੇ ਇਕੱਠੇ ਹੋ ਗਏ ਅਤੇ ਸਥਿਤੀ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ। ਮਾਮਲੇ ਸਬੰਧੀ ਥਾਣਾ ਪੁਲਿਸ ਦੇ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਐੱਮ.ਐੱਲ.ਆਰ. ਪ੍ਰਾਪਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਪੂਰੀ ਹੋਣ ਉਪਰੰਤ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
;
;
;
;
;
;
;
;