ਮੁਲਾਜ਼ਮਾਂ, ਮਹਿਲਾਵਾਂ ਅਤੇ ਆਮ ਲੋਕਾਂ ਦੇ ਹੱਕਾਂ ਲਈ ਸੜਕਾਂ 'ਤੇ ਉੱਤਰੀ ਕਾਂਗਰਸ
ਪਠਾਨਕੋਟ, 6 ਜੂਨ (ਸੰਧੂ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੱਦੇ 'ਤੇ ਅੱਜ ਹਲਕਾ ਪਠਾਨਕੋਟ ਵਿਚ ਸਥਾਨਕ ਪਟੇਲ ਚੌਂਕ ਵਿਖੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਪੰਨਾ ਲਾਲ ਭਾਟੀਆ ਅਤੇ ਸੀਨੀਅਰ ਕਾਂਗਰਸੀ ਆਗੂ ਆਸ਼ੀਸ਼ ਵਿਜ ਦੀ ਪ੍ਰਧਾਨਗੀ ਹੇਠ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਖ਼ਿਲਾਫ਼ ਵਿਸ਼ਾਲ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਾਂਗਰਸੀ ਆਗੂਆਂ ਜਿਲ੍ਹਾ ਪ੍ਰਧਾਨ ਪੰਨਾ ਲਾਲ ਭਾਟੀਆ, ਸੀਨੀਅਰ ਕਾਂਗਰਸੀ ਆਗੂਆਂ ਆਸ਼ੀਸ਼ ਵਿਜ ਅਤੇ ਜਿਲ੍ਹਾ ਕਾਰਜਕਾਰੀ ਪ੍ਰਧਾਨ ਰਾਕੇਸ਼ ਬਬਲੀ ਨੇ ਸਾਂਝੇ ਤੋਰ ਤੇ ਕਿਹਾ ਕਿ ਪੰਜਾਬ ਸਰਕਾਰ ਹਰ ਵਰਗ ਨਾਲ ਕੀਤੇ ਵਾਅਦਿਆਂ ਤੋਂ ਮੁੱਕਰ ਚੁੱਕੀ ਹੈ ਅਤੇ ਲੋਕਾਂ ਦੀਆਂ ਜਾਇਜ਼ ਮੰਗਾਂ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਵਿਖੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਪੀ.ਐਸ.ਪੀ.ਸੀ.ਐਲ. ਦੇ ਮੁਲਾਜ਼ਮਾਂ 'ਤੇ ਕੀਤਾ ਗਿਆ ਲਾਠੀਚਾਰਜ ਬਹੁਤ ਹੀ ਨਿੰਦਣਯੋਗ ਹੈ, ਜਿਸ ਨਾਲ ਸਰਕਾਰ ਦਾ ਮੁਲਾਜ਼ਮ ਵਿਰੋਧੀ ਚਿਹਰਾ ਬੇਨਕਾਬ ਹੋਇਆ ਹੈ।
ਆਗੂਆਂ ਨੇ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਦੀਆਂ ਸੇਵਾਵਾਂ ਪੱਕੀਆਂ ਨਾ ਕਰਨ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਡੀ.ਏ. ਸਬੰਧੀ ਮਸਲਿਆਂ ਨੂੰ ਲਟਕਾਉਣ ਅਤੇ ਸਰਕਾਰੀ ਕਰਮਚਾਰੀਆਂ ਦੀਆਂ ਮੰਗਾਂ ਪ੍ਰਤੀ ਬੇਰੁਖ਼ੀ 'ਤੇ ਵੀ ਸਰਕਾਰ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਮਹਿਲਾਵਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ, ਪਰ ਸਰਕਾਰ ਬਣਨ ਦੇ ਸਾਲਾਂ ਬਾਅਦ ਵੀ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ। ਇਸ ਕਾਰਨ ਪੰਜਾਬ ਦੀਆਂ ਲੱਖਾਂ ਮਹਿਲਾਵਾਂ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੀਆਂ ਹਨ। ਕਾਂਗਰਸੀ ਆਗੂਆਂ ਨੇ ਪਠਾਨਕੋਟ ਨਗਰ ਨਿਗਮ ਚੋਣਾਂ ਦੌਰਾਨ ਵੋਟਾਂ ਦੀ ਗਿਣਤੀ ਸਮੇਂ ਹੋਈ ਕਥਿਤ ਧੱਕੇਸ਼ਾਹੀ ਅਤੇ ਲੋਕਤੰਤਰੀ ਮਰਿਆਦਾਵਾਂ ਦੀ ਉਲੰਘਣਾ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਕਿਹਾ ਕਿ ਸੱਤਾਧਾਰੀ ਧਿਰ ਵਲੋਂ ਪ੍ਰਸ਼ਾਸਨਿਕ ਦਬਾਅ ਰਾਹੀਂ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੀ ਕਾਂਗਰਸ ਪਾਰਟੀ ਸਖ਼ਤ ਨਿੰਦਾ ਕਰਦੀ ਹੈ।
ਧਰਨੇ ਦੌਰਾਨ ਟਾਂਡਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਰਸ਼ਦੀਪ ਵਲੋਂ ਜਿੱਤ ਦਰਜ ਕਰਨ ਤੋਂ ਬਾਅਦ ਝਾੜੂ ਦੇ ਤਿੱਲੇ ਖਿਲਾਰਨ ਦੇ ਮਾਮਲੇ ਵਿਚ ਦਰਜ ਕੀਤੇ ਗਏ ਪਰਚੇ ਦਾ ਵੀ ਵਿਰੋਧ ਕੀਤਾ ਗਿਆ। ਕਾਂਗਰਸੀ ਆਗੂਆਂ ਨੇ ਕਿਹਾ ਕਿ ਇਹ ਕਾਰਵਾਈ ਰਾਜਨੀਤਿਕ ਬਦਲਾਖੋਰੀ ਦੀ ਭਾਵਨਾ ਨਾਲ ਕੀਤੀ ਗਈ ਹੈ ਅਤੇ ਲੋਕਤੰਤਰ ਵਿੱਚ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਦਾ ਯਤਨ ਹੈ। ਪੰਨਾ ਲਾਲ ਭਾਟੀਆ ਅਤੇ ਆਸ਼ੀਸ਼ ਵਿਜ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਮੁਲਾਜ਼ਮਾਂ, ਕਿਸਾਨਾਂ, ਮਹਿਲਾਵਾਂ, ਨੌਜਵਾਨਾਂ ਅਤੇ ਆਮ ਲੋਕਾਂ ਦੇ ਹੱਕਾਂ ਲਈ ਸੰਘਰਸ਼ ਕਰਦੀ ਰਹੀ ਹੈ ਅਤੇ ਅੱਗੇ ਵੀ ਲੋਕ ਹਿੱਤਾਂ ਦੀ ਰਾਖੀ ਲਈ ਸੜਕਾਂ ਤੋਂ ਲੈ ਕੇ ਹਰ ਮੰਚ 'ਤੇ ਲੜਾਈ ਲੜਦੀ ਰਹੇਗੀ।
ਰੋਸ ਪ੍ਰਦਰਸ਼ਨ ਦੌਰਾਨ ਕਾਂਗਰਸੀ ਵਰਕਰਾਂ ਅਤੇ ਆਗੂਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਲੋਕਾਂ ਨੂੰ 2027 ਪੰਜਾਬ ਵਿਧਾਨਸਭਾ ਚੋਣਾਂ ਵਿਚ ਆਪ ਪਾਰਟੀ ਨੂੰ ਵੋਟ ਰਾਹੀਂ ਹਰਾ ਕੇ ਆਪਣਾ ਜਵਾਬ ਦੇਣ ਦੀ ਅਪੀਲ ਕੀਤੀ ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ 2027 ਵਿਚ ਕਾਂਗਰਸ ਪਾਰਟੀ ਦੇ ਹੱਕ ਵਿਚ ਫਤਵਾ ਦੇਣਗੇ ਤੇ ਸੂਬੇ ਅੰਦਰ ਬਹੁਮਤ ਨਾਲ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ ਇਸ ਮੋਕੇ ਸਾਬਕਾ ਸੀਨੀਅਰ ਡਿਪਟੀ ਮੇਅਰ ਵਿਕਰਮ ਮਹਾਜਨ, ਰਾਕੇਸ਼ ਬਬਲੀ, ਸਾਬਕਾ ਡਿਪਟੀ ਮੇਅਰ ਅਜੇ ਕੁਮਾਰ ਨਿਤਿਨ ਮਹਾਜਨ ਲਾਡੀ, ਗੌਰਵ ਵਡਿਹਰਾ, ਸੂਰਜ ਰੰਧਾਵਾ, ਵਿਕਾਸ ਕੁਮਾਰ, ਵਿਜੇ ਕੁਮਾਰ ਭਗਤ,ਉਪਦੇਸ਼ ਗੱਬਰ,ਰਜਨੀ ਮਨਹਾਸ, ਗਣੇਸ਼ ਮਹਾਜਨ, ਗਣੇਸ਼ ਵਿਕੀ, ਚਰਨਜੀਤ ਹੈਪੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸ ਪਾਰਟੀ ਦੇ ਆਗੂ ਤੇ ਵਰਕਰ ਹਾਜ਼ਰ ਸਨ।
;
;
;
;
;
;
;
;