ਚੋਰਾਂ ਨੇ ਘਰ ਵਿਚ ਦਾਖ਼ਲ ਹੋ ਕੇ ਲੱਖਾਂ ਰੁਪਏ ਦੀ ਨਕਦੀ ਅਤੇ ਕੀਮਤੀ ਗਹਿਣਿਆਂ ‘ਤੇ ਕੀਤੇ ਹੱਥ ਸਾਫ਼
ਜੰਡਿਆਲਾ ਗੁਰੂ (ਅੰਮ੍ਰਿਤਸਰ), 7 ਜੂਨ (ਹਰਜਿੰਦਰ ਸਿੰਘ ਕਲੇਰ) - ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਜਾਣੀਆਂ ਵਿਚ ਬੀਤੀ ਰਾਤ ਚੋਰ ਇਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਲੱਖਾਂ ਰੁਪਏ ਦੀ ਨਕਦੀ ਅਤੇ ਕੀਮਤੀ ਸੋਨੇ ਦੇ ਗਹਿਣਿਆਂ ‘ਤੇ ਹੱਥ ਸਾਫ ਕਰ ਕੇ ਰਫੂ ਚੱਕਰ ਹੋ ਗਏ।। ਘਟਨਾ ਦੀ ਸੂਚਨਾ ਮਿਲਣ ਉਪਰੰਤ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਪੀੜਤ ਬਲਵਿੰਦਰ ਸਿੰਘ ਪੁੱਤਰ ਸਵਰਨ ਸਿੰਘ ਨੇ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦੇ ਹਨ। ਉਨ੍ਹਾਂ ਮੁਤਾਬਕ ਅਣਪਛਾਤੇ ਚੋਰ ਰਾਤ ਸਮੇਂ ਘਰ ਦੇ ਬਾਹਰਲੇ ਗੇਟ ਦਾ ਤਾਲਾ ਤੋੜ ਕੇ ਅੰਦਰ ਦਾਖ਼ਲ ਹੋਏ ਅਤੇ ਗਰਿੱਲ ਤੋੜ ਕੇ ਕਮਰੇ ਵਿਚ ਪਹੁੰਚ ਗਏ। ਪਰਿਵਾਰ ਦਾ ਕਹਿਣਾ ਹੈ ਕਿ ਚੋਰਾਂ ਨੇ ਘਰ ਦੇ ਮੈਂਬਰਾਂ ਨੂੰ ਕੋਈ ਨਸ਼ੀਲੀ ਵਸਤੂ ਸੁੰਘਾ ਕੇ ਬੇਹੋਸ਼ ਕਰ ਦਿੱਤਾ।ਚੋਰਾਂ ਨੇ ਘਰ ਦੀਆਂ ਅਲਮਾਰੀਆਂ ਤੋੜ ਕੇ ਕਰੀਬ 35 ਤੋਂ 40 ਤੋਲੇ ਸੋਨੇ ਦੇ ਗਹਿਣੇ, ਲਗਭਗ 5 ਲੱਖ ਰੁਪਏ ਨਕਦ, ਕੀਮਤੀ ਘੜੀਆਂ ਅਤੇ ਮੋਬਾਈਲ ਫੋਨ ਚੋਰੀ ਕਰ ਲਏ ਅਤੇ ਫਰਾਰ ਹੋ ਗਏ।
ਪੀੜਤ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਕਈ ਸਾਲ ਦੁਬਈ ਵਿਚ ਮਿਹਨਤ-ਮਜ਼ਦੂਰੀ ਕਰਕੇ ਇਹ ਸਭ ਕੁਝ ਇਕੱਠਾ ਕੀਤਾ ਸੀ। ਉਨ੍ਹਾਂ ਕਿਹਾ ਕਿ ਚੋਰ ਬੇਟੀ ਅਤੇ ਨੂੰਹ ਦੇ ਗਹਿਣਿਆਂ ਦੇ ਨਾਲ-ਨਾਲ ਵੱਡੇ-ਵਡੇਰਿਆਂ ਦੀ ਨਿਸ਼ਾਨੀ ਵਜੋਂ ਸੰਭਾਲਿਆ ਹੋਇਆ ਸੋਨਾ ਵੀ ਲੈ ਗਏ। ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦ ਕਾਬੂ ਕਰਕੇ ਇਨਸਾਫ਼ ਦਿੱਤਾ ਜਾਵੇ।
ਇਸ ਸੰਬੰਧੀ ਪੁਲਿਸ ਚੌਂਕੀ ਇੰਚਾਰਜ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਵੱਖ-ਵੱਖ ਪਹਿਲੂਆਂ ਤੋਂ ਜਾਂਚ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।
;
;
;
;
;
;
;