JALANDHAR WEATHER

ਵਿਸ਼ਵ ਸਾਈਕਲ ਦਿਵਸ ਮੌਕੇ ਸਾਈਕਲ ਰੈਲੀ, "ਸਾਈਕਲ ਚਲਾਓ-ਵਾਤਾਵਰਨ ਬਚਾਓ" ਦਾ ਦਿੱਤਾ ਸੰਦੇਸ਼

ਡੇਰਾਬੱਸੀ (ਮੁਹਾਲੀ), 7 ਜੂਨ (ਅਲੀ) : ਤੰਦਰੁਸਤ ਜੀਵਨ ਸ਼ੈਲੀ ਅਤੇ ਵਾਤਾਵਰਨ ਸੰਭਾਲ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਜੀਬੀਪੀ ਸੁਸਾਇਟੀਆਂ ਵਿਚ ਵਿਸ਼ਵ ਸਾਈਕਲ ਦਿਵਸ ਮੌਕੇ ਵਿਸ਼ਾਲ ਸਾਈਕਲ ਰੈਲੀ ਕੱਢੀ ਗਈ। "ਤੰਦਰੁਸਤ ਰਹੋ, ਵਾਤਾਵਰਨ ਬਚਾਓ-ਸਾਈਕਲ ਅਪਣਾਓ" ਅਤੇ "ਸਾਈਕਲ ਚਲਾਓ, ਵਾਤਾਵਰਨ ਬਚਾਓ" ਦੇ ਨਾਅਰਿਆਂ ਨਾਲ ਕੱਢੀ ਗਈ ਇਸ ਰੈਲੀ ਵਿਚ ਬੱਚਿਆਂ, ਨੌਜਵਾਨਾਂ, ਮਹਿਲਾਵਾਂ ਅਤੇ ਸੀਨੀਅਰ ਨਾਗਰਿਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ।
ਇਹ ਸਾਈਕਲ ਯਾਤਰਾ ਸਵੇਰੇ 5:30 ਵਜੇ ਰੋਜ਼ਵੁੱਡ ਐਸਟੇਟ ਦੇ ਆਰਡਬਲਯੂਏ ਦਫ਼ਤਰ ਤੋਂ ਸ਼ੁਰੂ ਹੋਈ ਅਤੇ ਵੱਖ-ਵੱਖ ਸੁਸਾਇਟੀਆਂ ਦਾ ਦੌਰਾ ਕਰਨ ਤੋਂ ਬਾਅਦ ਸਵੇਰੇ 6:15 ਵਜੇ ਮੁੜ ਰੋਜ਼ਵੁੱਡ ਐਸਟੇਟ ਵਿਖੇ ਸਮਾਪਤ ਹੋਈ। ਰੈਲੀ ਰੋਜ਼ਵੁੱਡ-2, ਈਕੋ ਗ੍ਰੀਨ-1, ਈਕੋ ਗ੍ਰੀਨ-2, ਸੁਪੀਰੀਆ, ਰੋਜ਼ ਵੈਲੀ ਰਿਵਰਸਾਈਡ, ਰਾਮ ਤਰਲਾਈ ਮੰਦਰ ਬੱਸ ਸਟੈਂਡ ਅਤੇ ਜੈਨ ਸਕੂਲ ਰਾਹੀਂ ਗੁਜ਼ਰੀ। ਜੈਨ ਸਕੂਲ ਵਿਖੇ ਭਾਗੀਦਾਰਾਂ ਲਈ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ ਸੀ।
ਆਯੋਜਕਾਂ ਨੇ ਦੱਸਿਆ ਕਿ ਇਹ ਉਪਰਾਲਾ ਫਿਟ ਇੰਡੀਆ ਮਿਸ਼ਨ ਅਤੇ ਸਾਫ਼-ਸੁਥਰੇ ਵਾਤਾਵਰਨ ਲਈ ਕੀਤੇ ਜਾ ਰਹੇ ਸਾਂਝੇ ਯਤਨਾਂ ਦਾ ਹਿੱਸਾ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਅਜਿਹੀਆਂ ਗਤੀਵਿਧੀਆਂ ਵਿਚ ਸ਼ਾਮਿਲ ਹੋਣ ਲਈ ਪ੍ਰੇਰਿਤ ਕਰਨ ਤਾਂ ਜੋ ਬਚਪਨ ਤੋਂ ਹੀ ਸਿਹਤਮੰਦ ਆਦਤਾਂ ਵਿਕਸਤ ਹੋ ਸਕਣ।ਰੈਲੀ ਵਿਚ ਸ਼ਾਮਿਲ ਲੋਕਾਂ ਨੇ ਕਿਹਾ ਕਿ ਸਾਈਕਲ ਚਲਾਉਣਾ ਸਰੀਰ ਨੂੰ ਤੰਦਰੁਸਤ ਰੱਖਣ ਦੇ ਨਾਲ-ਨਾਲ ਪ੍ਰਦੂਸ਼ਣ ਘਟਾਉਣ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਭਾਗੀਦਾਰਾਂ ਨੇ ਵਾਤਾਵਰਨ ਸੁਰੱਖਿਆ ਅਤੇ ਸਿਹਤ ਪ੍ਰਤੀ ਜਾਗਰੂਕਤਾ ਫੈਲਾਉਣ ਦਾ ਸੰਕਲਪ ਵੀ ਲਿਆ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ