ਐਸ.ਆਈ.ਆਰ. ਅਤੇ ਵੋਟਰ ਮੈਪਿੰਗ ਸੰਬੰਧੀ ਮਲੋਟ ਹਲਕੇ ਦੇ ਸਾਰੇ ਪੋਲਿੰਗ ਬੂਥਾਂ 'ਤੇ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ
ਮਲੋਟ (ਸ੍ਰੀ ਮੁਕਤਸਰ ਸਾਹਿਬ), 7 ਜੂਨ (ਪਾਟਿਲ) - ਭਾਰਤੀ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ, ਪੰਜਾਬ ਦੀਆਂ ਹਦਾਇਤਾਂ ਦੇ ਅਨੁਸਾਰ ਸੂਬੇ ਭਰ ਵਿੱਚ ਚਲਾਈ ਜਾ ਰਹੀ ਸਪੈਸ਼ਲ ਇੰਟੈਂਸਿਵ ਰੀਵੀਜ਼ਨ (ਐਸ.ਆਈ.ਆਰ.) ਮੁਹਿੰਮ ਦੇ ਤਹਿਤ ਅੱਜ ਹਲਕਾ ਮਲੋਟ-085 ਵਿਚ ਵੀ ਵਿਸ਼ੇਸ਼ ਕੈਂਪ ਲਗਾਏ ਗਏ। ਇਹ ਕੈਂਪ ਐਸ.ਡੀ.ਐਮ. ਮਲੋਟ ਪੰਕਜ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਹਦਾਇਤਾਂ ਅਨੁਸਾਰ ਲਗਾਏ ਜਾ ਰਹੇ ਹਨ। ਵਿਸ਼ੇਸ਼ ਕੈਂਪ ਦੌਰਾਨ ਐਸ.ਆਈ.ਆਰ. ਅਤੇ ਸਾਲ 2003 ਦੇ ਵੋਟਰਾਂ ਦੀ ਮੈਪਿੰਗ ਨਾਲ ਸੰਬੰਧਿਤ ਕੰਮਾਂ ਨੂੰ ਮੁੱਖ ਰੱਖਿਆ ਗਿਆ। ਹਲਕਾ ਮਲੋਟ ਦੇ ਸਾਰੇ ਬੀ.ਐਲ.ਓਜ਼ ਆਪੋ-ਆਪਣੇ ਤੈਅਸ਼ੁਦਾ ਪੋਲਿੰਗ ਬੂਥਾਂ ਉੱਤੇ ਸਵੇਰੇ 10:00 ਵਜੇ ਤੋਂ ਲੈ ਕੇ ਸ਼ਾਮ 4:00 ਵਜੇ ਤੱਕ ਮੁਸਤੈਦੀ ਨਾਲ ਡਿਊਟੀ 'ਤੇ ਹਾਜ਼ਰੀ ਦੇ ਰਹੇ ਹਨ ਅਤੇ ਆਮ ਲੋਕਾਂ ਦੇ ਵੋਟਾਂ ਨਾਲ ਸੰਬੰਧਿਤ ਕੰਮ ਕਰ ਰਹੇ ਹਨ।ਇੱਥੇ ਜ਼ਿਕਰਯੋਗ ਹੈ ਕਿ ਮੁੱਖ ਚੋਣ ਅਫ਼ਸਰ, ਪੰਜਾਬ ਅਨਿੰਦਿਤਾ ਮਿਤਰਾ ਵਲੋਂ ਜਾਰੀ ਹਦਾਇਤਾਂ ਅਨੁਸਾਰ, ਸੂਬੇ ਦੇ ਸਾਰੇ 24,453 ਪੋਲਿੰਗ ਬੂਥਾਂ 'ਤੇ ਇਹ ਇਕ-ਰੋਜ਼ਾ ਵਿਸ਼ੇਸ਼ ਕੈਂਪ ਪ੍ਰੀ-ਮੈਪਿੰਗ ਅਤੇ ਪ੍ਰੀ-ਐਸ.ਆਈ.ਆਰ. ਕਵਾਇਦ ਨੂੰ ਹੋਰ ਤੇਜ਼ੀ ਨਾਲ ਅੰਜਾਮ ਦੇਣ ਲਈ ਲਗਾਇਆ ਗਿਆ ਹੈ। ਮੁੱਖ ਚੋਣ ਅਫ਼ਸਰ ਨੇ ਸੂਬੇ ਦੇ ਸਾਰੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਕੈਂਪ ਵਿਚ ਸਰਗਰਮੀ ਨਾਲ ਹਿੱਸਾ ਲੈਣ ਤਾਂ ਜੋ ਚੋਣ ਪ੍ਰਕਿਰਿਆ ਨੂੰ ਸੁਚਾਰੂ ਅਤੇ ਪਾਰਦਰਸ਼ੀ ਢੰਗ ਨਾਲ ਚਲਾਇਆ ਜਾ ਸਕੇ।ਪ੍ਰਸ਼ਾਸਨ ਵਲੋਂ ਵੋਟਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਜਿਨ੍ਹਾਂ ਯੋਗ ਨਾਗਰਿਕਾਂ ਦੇ ਵੋਟ ਸਬੰਧੀ ਕੰਮ ਅਧੂਰੇ ਹਨ, ਉਹ ਇਨ੍ਹਾਂ ਮੁਹਿੰਮਾਂ ਦਾ ਵੱਧ ਤੋਂ ਵੱਧ ਲਾਹਾ ਲੈਣ।
;
;
;
;
;
;
;