ਟਾਂਗਰਾ ਨੇੜੇ ਨੌਜਵਾਨ ਕੋਲੋਂ 9 ਐਮ.ਐਮ. ਪਿਸਤੌਲ ਤੇ ਤਿੰਨ ਜ਼ਿੰਦਾ ਕਾਰਤੂਸ ਬਰਾਮਦ
ਟਾਂਗਰਾ, 25 ਜੂਨ (ਹਰਜਿੰਦਰ ਸਿੰਘ ਕਲੇਰ)- ਪੰਜਾਬ ਸਰਕਾਰ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਪੁਲਿਸ ਚੌਂਕੀ ਟਾਂਗਰਾ ਦੀ ਪੁਲਿਸ ਪਾਰਟੀ ਨੇ ਇਕ ਨੌਜਵਾਨ ਨੂੰ ਗੈਰ-ਕਾਨੂੰਨੀ ਹਥਿਆਰ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਚੌਂਕੀ ਟਾਂਗਰਾ ਦੇ ਇੰਚਾਰਜ ਏ.ਐਸ.ਆਈ. ਨਰਿੰਦਰ ਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏ.ਐਸ.ਆਈ. ਹਜ਼ਾਰਾ ਸਿੰਘ, ਐਚ.ਸੀ. ਜਸਪਾਲ ਸਿੰਘ, ਸੀ.ਟੀ. ਰਫ਼ੀਕ ਮੁਹੰਮਦ ਅਤੇ ਪੀ.ਐਚ.ਜੀ. ਤਰਸੇਮ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਜੀ.ਟੀ. ਰੋਡ ਤੋਂ ਪਿੰਡ ਮੁੱਛਲ ਦੇ ਮੋੜ ਵੱਲ ਜਾ ਰਹੀ ਸੀ। ਇਸ ਦੌਰਾਨ ਇਕ ਸ਼ੱਕੀ ਨੌਜਵਾਨ ਪੁਲਿਸ ਨੂੰ ਦੇਖ ਕੇ ਉੱਥੋਂ ਖਿਸਕਣ ਦੀ ਕੋਸ਼ਿਸ਼ ਕਰਨ ਲੱਗਾ।
ਪੁਲਿਸ ਵਲੋਂ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਗਈ, ਜਿਸ ਦੀ ਪਛਾਣ ਰਵਲਜੀਤ ਸਿੰਘ ਪੁੱਤਰ ਜਗਤਾਰ ਸਿੰਘ ਵਜੋਂ ਹੋਈ। ਤਲਾਸ਼ੀ ਦੌਰਾਨ ਉਸ ਕੋਲੋਂ ਇਕ 9 ਐਮ.ਐਮ. ਪਿਸਤੌਲ, ਜਿਸ ਦੇ ਬੱਟ ਉੱਪਰ ਅੰਗਰੇਜ਼ੀ ਵਿਚ ਰੂਗਰ ਲਿਖਿਆ ਹੋਇਆ ਸੀ, ਅਤੇ ਮੈਗਜ਼ੀਨ ਸਮੇਤ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਪੁਲਿਸ ਨੇ ਦੋਸ਼ੀ ਖ਼ਿਲਾਫ਼ ਥਾਣਾ ਤਰਸਿੱਕਾ ਵਿਖੇ ਆਰਮਜ਼ ਐਕਟ ਦੀਆਂ ਧਾਰਾਵਾਂ 25, 54 ਅਤੇ 59 ਤਹਿਤ ਮੁਕੱਦਮਾ ਨੰਬਰ 75 ਮਿਤੀ 25 ਜੂਨ 2026 ਦਰਜ ਕਰ ਲਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
;
;
;
;
;
;
;
;