ਯੂ.ਕੇ. ਪੁੱਜਣ ’ਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਸੰਗਤ ਵਲੋਂ ਭਰਵਾਂ ਸਵਾਗਤ
ਲੰਡਨ, 10 ਜੁਲਾਈ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨਿਹਕਾਮੀ ਸੇਵਾ ਟ੍ਰਸਟ ਯੂ.ਕੇ. ਦੇ ਸੱਦੇ ’ਤੇ ਤਿੰਨ ਦਿਨਾਂ ਦੇ ਦੌਰੇ ’ਤੇ ਯੂ.ਕੇ. (ਯੁਨਾਈਟਡ ਕਿੰਗਡਮ) ਪੁੱਜੇ ਹਨ। ਯੂ.ਕੇ. ਦੇ ਲੰਡਨ ਸਥਿਤ ਹਵਾਈ ਅੱਡੇ ’ਤੇ ਪੁੱਜਣ ’ਤੇ ਸਥਾਨਕ ਸਿੱਖ ਸੰਗਤ ਅਤੇ ਨੌਜਵਾਨਾਂ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਸਿਰੋਪਾਓ ਤੇ ਫੁੱਲਾਂ ਦੇ ਗੁਲਦਸਤੇ ਦੇ ਕੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਦੀ ਗੂੰਜ ਵਿਚ ਭਰਵਾਂ ਸਵਾਗਤ ਕੀਤਾ।
ਆਪਣੇ ਤਿੰਨ ਦਿਨਾਂ ਦੇ ਦੌਰੇ ਦੌਰਾਨ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਗੁਰਦੁਆਰਾ ਗੁਰੂ ਗ਼ਰੀਬ ਨਿਵਾਜ, ਹਯੇਜ਼, ਲੰਡਨ ਵਿਖੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਗੁਰਮਤਿ ਸਮਾਗਮ ਵਿਚ ਸ਼ਮੂਲੀਅਤ ਕਰਕੇ ਸੰਗਤ ਨੂੰ ਸੰਬੋਧਨ ਅਤੇ ਵਿਚਾਰ ਚਰਚਾ ਕਰਨਗੇ। ਇਹ ਸਮਾਗਮ ਸਾਂਝੇ ਤੌਰ ’ਤੇ ਨਿਹਕਾਮੀ ਸੇਵਾ ਟ੍ਰਸਟ ਯੂ.ਕੇ., ਜੱਥਾ ਪੰਜ ਪਿਆਰੇ ਸਾਹਿਬਾਨ ਯੂ.ਕੇ., ਗੁਰੂ ਹਰਿਗੋਬਿੰਦ ਸਾਹਿਬ ਟ੍ਰਸਟ ਯੂ.ਕੇ. ਅਤੇ ਸਮੂਹ ਸਾਧ-ਸੰਗਤ ਵਲੋਂ ਕਰਵਾਇਆ ਦਾ ਰਿਹਾ ਹੈ। ਇਸ ਫੇਰੀ ਦੌਰਾਨ ਜਥੇਦਾਰ ਗੜਗੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਸੰਗਤ ਵਲੋਂ ਕਰਵਾਏ ਜਾ ਰਹੇ ਸਮਾਗਮ ਵਿਚ ਵੀ ਸ਼ਮੂਲੀਅਤ ਕਰਨਗੇ ਅਤੇ ਸਥਾਨਕ ਸੰਗਤ ਨਾਲ ਵਿਚਾਰਾਂ ਕਰਨਗੇ। ਜਥੇਦਾਰ ਗੜਗੱਜ ਦੇ ਨਾਲ ਉਨ੍ਹਾਂ ਦੇ ਮੀਡੀਆ ਸਲਾਹਕਾਰ ਸ. ਜਸਕਰਨ ਸਿੰਘ ਵੀ ਯੂ.ਕੇ. ਪੁੱਜੇ ਹਨ।
;
;
;
;
;
;
;
;