ਮਜੀਠੀਆ ਮਾਮਲਾ: ਫਾਰਮ ਹਾਊਸ ਦੀਆਂ ਚਾਬੀਆਂ, ਮੋਬਾਈਲ ਫੋਨ ਅਤੇ ਗਜਪਤ ਗਰੇਵਾਲ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ 29 ਜੁਲਾਈ ਤੱਕ ਮੁਲਤਵੀ
ਐੱਸ.ਏ.ਐੱਸ. ਨਗਰ, 18 ਜੁਲਾਈ (ਕਪਿਲ ਵਧਵਾ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵਿਰੁੱਧ ਦਰਜ ਆਮਦਨ ਤੋਂ ਵੱਧ ਜਾਇਦਾਦ ਨਾਲ ਸੰਬੰਧਿਤ ਮਾਮਲੇ ਵਿਚ ਅਦਾਲਤੀ ਕਾਰਵਾਈ ਮੁਹਾਲੀ ਬਾਰ ਐਸੋਸੀਏਸ਼ਨ ਦੀ ਅਣ-ਮਿੱਥੇ ਸਮੇਂ ਤੱਕ ਚੱਲ ਰਹੀ ਹੜਤਾਲ ਕਾਰਨ ਅੱਗੇ ਨਹੀਂ ਵੱਧ ਸਕੀ। ਇਸ ਦੌਰਾਨ ਮਸ਼ੋਬਰਾ ਸਥਿਤ ਫਾਰਮ ਹਾਊਸ ਦੀਆਂ ਚਾਬੀਆਂ, ਬਿਕਰਮ ਸਿੰਘ ਮਜੀਠੀਆ ਦਾ ਮੋਬਾਈਲ ਫੋਨ, ਜੋ ਇਸ ਵੇਲੇ ਪੰਜਾਬ ਵਿਜੀਲੈਂਸ ਬਿਊਰੋ ਦੇ ਕਬਜ਼ੇ ਵਿਚ ਹੈ ਅਤੇ ਮਜੀਠੀਆ ਦੇ ਕਰੀਬੀ ਰਿਸ਼ਤੇਦਾਰ ਗਜਪਤ ਸਿੰਘ ਗਰੇਵਾਲ ਦੀ ਜ਼ਮਾਨਤ ਅਰਜ਼ੀ ਸੰਬੰਧੀ ਸੁਣਵਾਈ 29 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਅਦਾਲਤ ਵਿਚ ਅੱਜ ਇਨ੍ਹਾਂ ਸਾਰੇ ਮਾਮਲਿਆਂ 'ਤੇ ਸੁਣਵਾਈ ਹੋਣੀ ਸੀ, ਪਰ ਬਾਰ ਐਸੋਸੀਏਸ਼ਨ ਦੀ ਹੜਤਾਲ ਕਾਰਨ ਕੇਸ ਦੀ ਕਾਰਵਾਈ ਨਹੀਂ ਹੋ ਸਕੀ। ਹੁਣ ਅਦਾਲਤ ਵਲੋਂ ਅਗਲੀ ਸੁਣਵਾਈ ਲਈ 29 ਜੁਲਾਈ ਦੀ ਤਾਰੀਖ ਨਿਰਧਾਰਤ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਮਜੀਠੀਆ ਖ਼ਿਲਾਫ਼ ਜਾਂਚ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਵਲੋਂ ਉਨ੍ਹਾਂ ਦਾ ਮੋਬਾਈਲ ਫੋਨ ਆਪਣੇ ਕਬਜ਼ੇ ਵਿਚ ਲਿਆ ਗਿਆ ਹੋਇਆ ਹੈ। ਇਸ ਤੋਂ ਇਲਾਵਾ ਮਸ਼ੋਬਰਾ ਸਥਿਤ ਫਾਰਮ ਹਾਊਸ ਦੀਆਂ ਚਾਬੀਆਂ ਸੰਬੰਧੀ ਮਾਮਲਾ ਵੀ ਅਦਾਲਤ ਦੇ ਵਿਚਾਰ ਅਧੀਨ ਹੈ। ਉਧਰ, ਇਸੇ ਕੇਸ ਵਿਚ ਨਾਮਜ਼ਦ ਮਜੀਠੀਆ ਦੇ ਕਰੀਬੀ ਰਿਸ਼ਤੇਦਾਰ ਗਜਪਤ ਸਿੰਘ ਗਰੇਵਾਲ ਵਲੋਂ ਦਾਇਰ ਜ਼ਮਾਨਤ ਅਰਜ਼ੀ 'ਤੇ ਵੀ ਹੁਣ 29 ਜੁਲਾਈ ਨੂੰ ਹੀ ਸੁਣਵਾਈ ਹੋਵੇਗੀ।
;
;
;
;
;
;
;
;