JALANDHAR WEATHER

ਸੈਕਟਰ-11 ਕਾਲਜ ਕਾਲੋਨੀ ਵਿਚ ਤਿੰਨ ਦਿਨਾਂ ਤੋਂ ਬਿਜਲੀ ਗੁੱਲ, ਲੋਕਾਂ ਦਾ ਫੁੱਟਿਆ ਗੁੱਸਾ

ਡੇਰਾਬੱਸੀ, 18 ਜੁਲਾਈ - ਡੇਰਾਬੱਸੀ ਦੇ ਸੈਕਟਰ-11 ਸਥਿਤ ਕਾਲਜ ਕਾਲੋਨੀ ਵਿਚ ਪਿਛਲੇ ਤਿੰਨ ਦਿਨਾਂ ਤੋਂ ਬਿਜਲੀ ਸਪਲਾਈ ਠੱਪ ਹੋਣ ਕਾਰਨ ਕਰੀਬ 150 ਤੋਂ 200 ਪਰਿਵਾਰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਬਿਜਲੀ ਨਾ ਹੋਣ ਕਾਰਨ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋ ਗਈ ਹੈ, ਜਿਸ ਨਾਲ ਲੋਕਾਂ ਦਾ ਗੁੱਸਾ ਸੜਕਾਂ 'ਤੇ ਨਜ਼ਰ ਆਇਆ। ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ, ਬਿਜਲੀ ਵਿਭਾਗ ਅਤੇ ਸਥਾਨਕ ਐਮ.ਸੀ. ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ।

ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਬਿਜਲੀ ਵਿਭਾਗ ਦੇ ਕਰਮਚਾਰੀ ਟਰਾਂਸਫਾਰਮਰ ਨੂੰ ਠੀਕ ਕਰਕੇ ਜਾਂਦੇ ਹਨ, ਪਰ ਕੁਝ  ਸਮੇਂ ਬਾਅਦ ਹੀ ਉਹ ਮੁੜ ਖ਼ਰਾਬ ਹੋ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਵਾਰ-ਵਾਰ ਮੁਰੰਮਤ ਕਰਨ ਦੀ ਬਜਾਏ ਇਲਾਕੇ ਵਿਚ ਵੱਧ ਸਮਰੱਥਾ ਵਾਲਾ ਨਵਾਂ ਟਰਾਂਸਫਾਰਮਰ ਲਗਾਇਆ ਜਾਵੇ।

ਲੋਕਾਂ ਨੇ ਕਿਹਾ ਕਿ ਸਾਨੂੰ ਮੁਫ਼ਤ ਬਿਜਲੀ ਨਹੀਂ ਚਾਹੀਦੀ, ਸਾਨੂੰ ਪੈਸੇ ਲੈ ਕੇ ਵੀ ਨਿਰਵਿਘਨ ਬਿਜਲੀ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਬਿਜਲੀ ਨਾ ਹੋਣ ਕਾਰਨ ਪਾਣੀ ਦੀ ਸਪਲਾਈ ਵੀ ਬੰਦ ਹੈ। ਬੱਚੇ ਨਾ ਨਹਾ ਸਕਦੇ ਹਨ ਅਤੇ ਨਾ ਹੀ ਸਕੂਲ ਜਾ ਸਕਦੇ ਹਨ, ਜਦਕਿ ਨੌਕਰੀਪੇਸ਼ਾ ਲੋਕ ਵੀ ਆਪਣੀ ਡਿਊਟੀ 'ਤੇ ਨਹੀਂ ਪਹੁੰਚ ਰਹੇ।

ਇਕ ਬਜ਼ੁਰਗ ਨੇ ਕਿਹਾ ਕਿ ਨਾ ਪੀਣ ਲਈ ਪਾਣੀ ਹੈ ਅਤੇ ਨਾ ਹੀ ਬਿਜਲੀ। ਕਈ ਪਰਿਵਾਰ ਗਰਮੀ ਕਾਰਨ ਰਾਤਾਂ ਆਪਣੀਆਂ ਗੱਡੀਆਂ ਵਿਚ ਕੱਟਣ ਲਈ ਮਜਬੂਰ ਹਨ, ਜਦਕਿ ਕੁਝ ਆਪਣੇ ਬੱਚਿਆਂ ਨੂੰ ਲੈ ਕੇ ਰਿਸ਼ਤੇਦਾਰਾਂ ਦੇ ਘਰ ਚਲੇ ਗਏ ਹਨ।

ਇਲਾਕਾ ਵਾਸੀਆਂ ਨੇ ਦੱਸਿਆ ਕਿ ਉਹ ਬਿਜਲੀ ਵਿਭਾਗ, ਨਗਰ ਕੌਂਸਲ ਅਤੇ ਹੋਰ ਸੰਬੰਧਿਤ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤਾਂ ਦੇ ਚੁੱਕੇ ਹਨ, ਪਰ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ। ਲੋਕਾਂ ਨੇ ਆਪਣੇ ਵਾਰਡ ਦੇ ਐਮ.ਸੀ. ਭੁਪਿੰਦਰ ਸ਼ਰਮਾ 'ਤੇ ਵੀ ਅਣ-ਗਹਿਲੀ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਚੋਣ ਜਿੱਤਣ ਤੋਂ ਬਾਅਦ ਉਹ ਇਕ ਵਾਰ ਵੀ ਇਲਾਕੇ ਦਾ ਹਾਲ ਜਾਣਨ ਨਹੀਂ ਆਏ।

ਦੂਜੇ ਪਾਸੇ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੇ ਕਿਹਾ ਕਿ ਉਨ੍ਹਾਂ ਕੋਲ ਸ਼ਿਕਾਇਤਾਂ ਪ੍ਰਾਪਤ ਹੋ ਚੁੱਕੀਆਂ ਹਨ ਅਤੇ ਟਰਾਂਸਫਾਰਮਰ ਦੀ ਸਮੱਸਿਆ ਨੂੰ ਦੂਰ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਨਗਰ ਕੌਂਸਲ ਦੇ ਅਧਿਕਾਰੀਆਂ ਨੇ ਵੀ ਸ਼ਿਕਾਇਤ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਲੋਕਾਂ ਦੀ ਸਮੱਸਿਆ ਦਾ ਜਲਦ ਹੱਲ ਕੀਤਾ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ