JALANDHAR WEATHER

ਕੋਟਭਾਈ ਬੇਅਦਬੀ ਘਟਨਾ 'ਤੇ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਲਿਆ ਸਖ਼ਤ ਨੋਟਿਸ

ਸ੍ਰੀ ਮੁਕਤਸਰ ਸਾਹਿਬ, 29 ਜੁਲਾਈ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਕੋਟਭਾਈ ਵਿਖੇ ਗੁਰਦੁਆਰਾ ਸਾਹਿਬ ਤੋਂ ਪਵਿੱਤਰ ਗੁਟਕਾ ਸਾਹਿਬ ਚੁੱਕ ਕੇ ਉਸ ਦੀ ਬੇਅਦਬੀ ਕਰਨ ਅਤੇ ਮਿੱਟੀ ਵਿਚ ਦੱਬਣ ਦੀ ਵਾਪਰੀ ਅਤਿ ਦੁਖਦਾਈ ਤੇ ਹਿਰਦੇਵੇਧਕ ਘਟਨਾ ਦਾ ਸਿੰਘ ਸਾਹਿਬ ਬਾਬਾ ਟੇਕ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਨੇ ਗੰਭੀਰ ਨੋਟਿਸ ਲਿਆ ਹੈ। ਸਿੰਘ ਸਾਹਿਬ ਨੇ ਇਸ ਘਟਨਾ ਦੀ ਕਠੋਰ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਪੁਲਿਸ ਅਤੇ ਪ੍ਰਸ਼ਾਸਨ ਨੂੰ ਦੋਸ਼ੀਆਂ ਖ਼ਿਲਾਫ਼ ਤੁਰੰਤ ਤੇ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਹੈ। ਜਾਰੀ ਕੀਤੇ ਇਕ ਪ੍ਰਭਾਵਸ਼ਾਲੀ ਤੇ ਤਿੱਖੇ ਬਿਆਨ ਵਿਚ ਸਿੰਘ ਸਾਹਿਬ ਨੇ ਕਿਹਾ ਕਿ ਗੁਰਬਾਣੀ ਦਾ ਅਪਮਾਨ ਸਿੱਖ ਹਿਰਦਿਆਂ ਨੂੰ ਬੁਰੀ ਤਰ੍ਹਾਂ ਵਲੂੰਧਰਨ ਵਾਲਾ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਸਹਿਣ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ, "ਇਹ ਕੋਈ ਨਿਆਣਪੁਣੇ ਵਿਚ ਵਾਪਰੀ ਆਮ ਘਟਨਾ ਨਹੀਂ ਜਾਪਦੀ, ਸਗੋਂ ਇਸ ਪਿੱਛੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਢਾਹ ਲਾਉਣ ਅਤੇ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਦੀ ਕੋਈ ਡੂੰਘੀ ਅਤੇ ਸ਼ੈਤਾਨੀ ਸਾਜ਼ਿਸ਼ ਪ੍ਰਤੀਤ ਹੁੰਦੀ ਹੈ। ਇਹ ਪਤਾ ਲਗਾਉਣਾ ਬਹੁਤ ਜ਼ਰੂਰੀ ਹੈ ਕਿ 14-15 ਸਾਲ ਦੇ ਬੱਚੇ ਦੀ ਵਰਤੋਂ ਕਰਕੇ ਇਸ ਘਿਨਾਉਣੇ ਕਾਰੇ ਨੂੰ ਕਿਸ ਦੇ ਇਸ਼ਾਰੇ 'ਤੇ ਅੰਜਾਮ ਦਿੱਤਾ ਗਿਆ।"
ਸਿੰਘ ਸਾਹਿਬ ਨੇ ਪ੍ਰਸ਼ਾਸਨ ਨੂੰ ਸਪੱਸ਼ਟ ਸ਼ਬਦਾਂ ਵਿਚ ਆਖਿਆ ਕਿ ਸਿਰਫ਼ ਬੱਚੇ ਨੂੰ ਫੜ ਕੇ ਮਾਮਲਾ ਰਫ਼ਾ-ਦਫ਼ਾ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ, ਸਗੋਂ ਇਸ ਦੇ ਪਿੱਛੇ ਛੁਪੇ ਅਸਲ ਮਾਸਟਰਮਾਈਂਡ ਅਤੇ ਸਾਜ਼ਿਸ਼ਕਰਤਾਵਾਂ ਨੂੰ ਬੇਨਕਾਬ ਕਰਕੇ ਜਨਤਕ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਅਜਿਹੀਆਂ ਘਟਨਾਵਾਂ 'ਤੇ ਨੱਥ ਨਾ ਪਾਈ ਗਈ ਅਤੇ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਨਾ ਦਿੱਤੀਆਂ ਗਈਆਂ ਤਾਂ ਸੰਗਤ ਵਿੱਚ ਫੈਲ ਰਿਹਾ ਰੋਸ ਵੱਡਾ ਰੂਪ ਧਾਰਨ ਕਰ ਸਕਦਾ ਹੈ, ਜਿਸ ਦੀ ਪੂਰੀ ਜ਼ਿੰਮੇਵਾਰੀ ਸ਼ਾਸਨ ਤੇ ਪ੍ਰਸ਼ਾਸਨ ਦੀ ਹੋਵੇਗੀ।
ਇਸ ਦੇ ਨਾਲ ਹੀ ਸਿੰਘ ਸਾਹਿਬ ਨੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਗ੍ਰੰਥੀ ਸਿੰਘਾਂ ਅਤੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਗੁਰਦੁਆਰਾ ਸਾਹਿਬਾਨ ਅੰਦਰ ਸੀਸੀਟੀਵੀ ਕੈਮਰਿਆਂ ਅਤੇ ਪਹੁੰਚ ਦੀ ਨਿਗਰਾਨੀ ਸਮੇਤ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਪੁਖ਼ਤਾ ਕੀਤਾ ਜਾਵੇ ਅਤੇ ਹਰ ਵੇਲੇ ਪੂਰੀ ਤਨਦੇਹੀ ਤੇ ਸੁਚੇਤ ਹੋ ਕੇ ਪਹਿਰਾ ਦਿੱਤਾ ਜਾਵੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ