ਕਰਜ਼ੇ ਤੋਂ ਪ੍ਰੇਸ਼ਾਨ ਨੌਜਵਾਨ ਕਿਸਾਨ ਨੇ ਸਪਰੇਅ ਪੀ ਕੇ ਕੀਤੀ ਖ਼ੁਦਕੁਸ਼ੀ
ਬਾਲਿਆਂਵਾਲੀ (ਬਠਿੰਡਾ), 30 ਜੁਲਾਈ (ਕੁਲਦੀਪ ਮਤਵਾਲਾ)- ਕਰਜੇ ਦੇ ਨਪੀੜੇ ਪਿੰਡ ਬਾਲਿਆਂਵਾਲੀ (ਬਠਿੰਡਾ) ਦੇ ਇਕ ਨੌਜਵਾਨ ਕਿਸਾਨ ਵਲੋਂ ਕੋਈ ਜ਼ਹਿਰੀਲੀ ਦਵਾਈ ਨਿਗਲ ਕੇ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਹੈ। ਪੁਲਿਸ ਥਾਣਾ ਬਾਲਿਆਂਵਾਲੀ ਦੇ ਮੁੱਖ ਅਧਿਕਾਰੀ ਇੰਸਪੈਕਟਰ ਸੁਖਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਮ੍ਰਿਤਕ ਮਹਿੰਦਰ ਰਾਮ (ਉਮਰ ਕਰੀਬ 45 ਸਾਲ) ਪੁੱਤਰ ਰੂਪ ਚੰਦ ਪੰਡਿਤ ਵਾਸੀ ਬਾਲਿਆਂਵਾਲੀ ਦੀ ਪਤਨੀ ਛਿੰਦਰ ਕੌਰ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਰਾਹੀਂ ਦੱਸਿਆ ਕਿ ਮੇਰੇ ਪਤੀ ਮਹਿੰਦਰ ਰਾਮ ਨੇ ਜ਼ਮੀਨ ਤੇ ਲੋਨ ਲੈ ਕੇ ਇਕ ਟਰੈਕਟਰ ਲਿਆ ਸੀ ਅਤੇ ਇਕ ਹੋਰ ਬੈਂਕ ਤੋਂ ਲੋਨ ਲੈਤਾ ਹੋਇਆ ਸੀ।
ਉਸ ਨੇ ਦੱਸਿਆ ਕਿ ਮੇਰਾ ਪਤੀ ਮਹਿੰਦਰ ਰਾਮ ਘਰੇਲੂ ਜ਼ਮੀਨ ਸਮੇਤ ਠੇਕੇ-ਹਿੱਸੇ ਤੇ ਜ਼ਮੀਨ ਲੈ ਕੇ ਖੇਤੀਬਾੜੀ ਕਰਕੇ ਘਰ ਦਾ ਮੁਸ਼ਕਿਲ ਨਾਲ ਗੁਜ਼ਾਰਾ ਕਰਦਾ ਸੀ ਪ੍ਰੰਤੂ ਐਂਤਕੀ ਗੜੇਮਾਰੀ ਕਾਰਨ ਕਣਕ ਦੀ ਸਾਰੀ ਫ਼ਸਲ ਬਰਬਾਦ ਹੋ ਗਈ ਜਦਕਿ ਪਿਛਲੇ ਸਾਲ ਵੀ ਫਸਲਾਂ ਖਰਾਬ ਹੋਣ ਕਰਕੇ ਸਾਡੇ ਘਰ ਦੀ ਆਰਥਿਕ ਸਥਿਤੀ ਡਾਵਾਂਡੋਲ ਹੋ ਗਈ ਸੀ। ਜਿਸ ਕਰਕੇ ਟਰੈਕਟਰ ਦੀ ਕਿਸ਼ਤ ਤੇ ਹੋਰ ਬੈਂਕ ਦੇ ਰੁਪਏ ਨਹੀਂ ਭਰੇ ਜਾ ਰਹੇ ਸਨ।
ਜਿਸ ਕਰਕੇ ਉਹ ਦਿਮਾਗੀ ਤੌਰ ਤੇ ਪ੍ਰੇਸ਼ਾਨ ਰਹਿਣ ਲੱਗ ਗਿਆ ਸੀ। ਮਿਤੀ 29 ਨੂੰ ਰੋਜ਼ਾਨਾ ਵਾਂਗ ਰੋਟੀ ਖਾ ਕੇ ਪੈ ਗਿਆ ਪ੍ਰੰਤੂ ਦਿਮਾਗੀ ਪ੍ਰੇਸ਼ਾਨੀ ਦੇ ਚੱਲਦਿਆਂ ਉਸ ਨੇ 29 ਤੇ 30 ਜੁਲਾਈ ਦੀ ਦਰਮਿਆਨੀ ਰਾਤ ਨੂੰ ਸਾਡੇ ਘਰੇ ਪਈ ਸਪਰੇਅ ਨਿਗਲ ਲਈ। ਜਿਸ ਕਰਕੇ ਉਸ ਦੀ ਮੌਤ ਹੋ ਗਈ ਹੈ। ਥਾਣਾ ਮੁਖੀ ਸੁਖਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਅਧਾਰਿਤ ਅ/ਧ 174 ਤਹਿਤ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ।
ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਆਗੂ ਹੇਮਰਾਜ ਸ਼ਰਮਾ, ਇਕਾਈ ਪ੍ਰਧਾਨ ਜੰਟਾ ਸਿੰਘ ਮਾਲੇ ਕਾ, ਗੁਰਤੇਜ ਸਿੰਘ ਮਾਲੇ ਆਦਿ ਕਿਸਾਨਾਂ ਅਤੇ ਸਰਪੰਚ ਬਲਰਾਜ ਸਿੰਘ ਚਹਿਲ ਤੇ ਸਮੂਹ ਪੰਚਾਇਤ ਤੇ ਪਿੰਡ ਦੇ ਪਤਵੰਤੇ ਸੱਜਣ ਨੰਬਰਦਾਰ ਅਮਨਦੀਪ ਸਿੰਘ, ਨੰਬਰਦਾਰ ਰਣਜੀਤ ਸਿੰਘ ਦੰਦੀਵਾਲ, ਜਸਵੀਰ ਜੌੜਾ, ਬਲਾਕ ਸੰਮਤੀ ਮੈਂਬਰ ਸੁਖਵੀਰ ਸਿੰਘ ਮਾਨ, ਹਰਜਿੰਦਰ ਸਿੰਘ ਮਾਨ, ਅਸ਼ੋਕ ਕੁਮਾਰ ਗਰਗ, ਨੀਟੂ ਗਰਗ ਆਦਿ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਕਿਸਾਨ ਦੇ ਪਰਿਵਾਰ ਦਾ ਕਰਜ਼ਾ ਮੁਆਫ਼ ਕੀਤਾ ਜਾਵੇ ਅਤੇ ਉਨ੍ਹਾਂ ਦੇ ਪਰਿਵਾਰ ਦੀ ਵੱਧ ਤੋਂ ਵੱਧ ਆਰਥਿਕ ਮਦਦ ਕੀਤੀ ਜਾਵੇ।
;
;
;
;
;
;
;
;