ਲਾਠੀਚਾਰਜ ਦੇ ਵਿਰੋਧ 'ਚ ਵਾਲਮੀਕੀ ਭਾਈਚਾਰੇ ਵਲੋਂ ਰੋਸ ਪ੍ਰਦਰਸ਼ਨ
ਗੁਰੂਹਰਸਹਾਏ, 30 ਜੁਲਾਈ (ਕਪਿਲ ਕੰਧਾਰੀ)- ਬਰਨਾਲਾ ਵਿਖੇ ਸਫਾਈ ਮੁਲਾਜ਼ਮਾਂ ਅਤੇ ਵਾਲਮੀਕੀ ਭਾਈਚਾਰੇ ਦੇ ਲੋਕਾਂ 'ਤੇ ਹੋਏ ਕਥਿਤ ਲਾਠੀਚਾਰਜ ਦੇ ਵਿਰੋਧ ਵਿਚ ਅੱਜ ਗੁਰੂਹਰਸਹਾਏ ਸ਼ਹਿਰ ਮੁਕੰਮਲ ਤੌਰ 'ਤੇ ਬੰਦ ਰਿਹਾ। ਇਸ ਦੌਰਾਨ ਵੱਡੀ ਗਿਣਤੀ ਵਿਚ ਵਾਲਮੀਕੀ ਭਾਈਚਾਰੇ ਦੇ ਮੈਂਬਰਾਂ ਅਤੇ ਸਫਾਈ ਮੁਲਾਜ਼ਮਾਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਰੋਸ ਪ੍ਰਦਰਸ਼ਨ ਦੀ ਅਗਵਾਈ ਭਗਵਾਨ ਵਾਲਮੀਕੀ ਤੀਰਥ ਧੂਣਾ ਸਾਹਿਬ ਟਰੱਸਟ ਪੰਜਾਬ ਦੇ ਚੇਅਰਮੈਨ ਸ਼ਾਮ ਲਾਲ ਬਿੱਟੂ ਨੇ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਬਰਨਾਲਾ ਦੀ ਘਟਨਾ ਬਹੁਤ ਹੀ ਮੰਦਭਾਗੀ ਹੈ ਅਤੇ ਇਸ ਦੀ ਨਿਰਪੱਖ ਜਾਂਚ ਕਰਵਾ ਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪ੍ਰਦਰਸ਼ਨ ਕਰ ਰਹੇ ਸਫਾਈ ਮੁਲਾਜ਼ਮਾਂ ਅਤੇ ਮਹਿਲਾਵਾਂ 'ਤੇ ਬੇਰਹਿਮੀ ਨਾਲ ਲਾਠੀਚਾਰਜ ਕੀਤਾ ਗਿਆ, ਜਿਸ ਦੀ ਉਹ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹਨ। ਸ਼ਾਮ ਲਾਲ ਬਿੱਟੂ ਨੇ ਦੱਸਿਆ ਕਿ ਭਗਵਾਨ ਵਾਲਮੀਕੀ ਤੀਰਥ ਅੰਮ੍ਰਿਤਸਰ ਗੱਦੀ 'ਤੇ ਵਿਰਾਜਮਾਨ ਸੰਤ ਮਲਕੀਤ ਨਾਥ ਜੀ ਦੇ ਹੁਕਮਾਂ ਅਨੁਸਾਰ ਭਗਵਾਨ ਵਾਲਮੀਕੀ ਤੀਰਥ ਧੂਣਾ ਸਾਹਿਬ ਟਰੱਸਟ ਵੱਲੋਂ ਪੰਜਾਬ ਭਰ ਵਿਚ ਸਫਾਈ ਸੇਵਕ ਯੂਨੀਅਨ ਦੇ ਸੰਘਰਸ਼ ਨੂੰ ਪੂਰਾ ਸਮਰਥਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਾਲਮੀਕੀ ਭਾਈਚਾਰਾ ਸਫਾਈ ਮੁਲਾਜ਼ਮਾਂ ਦੇ ਹੱਕਾਂ ਦੀ ਲੜਾਈ ਵਿੱਚ ਹਰ ਸਮੇਂ ਉਨ੍ਹਾਂ ਦੇ ਨਾਲ ਖੜ੍ਹਾ ਰਹੇਗਾ।
ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਇਸ ਮਾਮਲੇ ਵਿਚ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ, ਪੀੜਤਾਂ ਨੂੰ ਇਨਸਾਫ਼ ਦਿਵਾਏ ਅਤੇ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਦੀ ਦੁਹਰਾਈ ਨਾ ਹੋਵੇ। ਉਨ੍ਹਾਂ ਪੰਜਾਬ ਭਰ ਦੇ ਵਾਲਮੀਕੀ ਭਾਈਚਾਰੇ ਅਤੇ ਸਫਾਈ ਮੁਲਾਜ਼ਮਾਂ ਨੂੰ ਇੱਕਜੁੱਟ ਰਹਿਣ ਦੀ ਅਪੀਲ ਵੀ ਕੀਤੀ। ਇਸ ਮੌਕੇ ਪ੍ਰਧਾਨ ਜਗਜੀਤ ਸਿੰਘ, ਪ੍ਰਧਾਨ ਸੁਭਾਸ਼, ਗਿਆਨ ਚੰਦ, ਰਾਜ ਕੁਮਾਰ, ਪੂਰਨ, ਗਗਨ, ਸਫਾਈ ਸੇਵਕ ਯੂਨੀਅਨ ਦੇ ਸਕੱਤਰ ਦਰਸ਼ਨ ਲਾਲ, ਪ੍ਰਧਾਨ ਰਜਿੰਦਰ ਕੁਮਾਰ, ਰਾਜੀਵ ਕੁਮਾਰ, ਅਜੈ ਕੁਮਾਰ, ਦੀਪਕ, ਸੋਨੂ, ਕਰਨ ਕੁਮਾਰ, ਪੱਪੂ, ਸੁਨੀਲ ਕੁਮਾਰ, ਪ੍ਰਧਾਨ ਰਣਜੀਤ ਸਿੰਘ ਬਿੱਟੂ (ਪਿੰਡ ਨਿਧਾਨਾ), ਦੁੱਲਾ, ਅਵਤਾਰ ਕ੍ਰਿਸ਼ਨ, ਜੈ ਗੋਪਾਲ, ਸੁਰਜੀਤ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਵਾਲਮੀਕੀ ਭਾਈਚਾਰੇ ਦੇ ਮੈਂਬਰ ਅਤੇ ਸਫਾਈ ਮੁਲਾਜ਼ਮ ਹਾਜ਼ਰ ਸਨ।
;
;
;
;
;
;
;
;