ਫ਼ਾਜ਼ਿਲਕਾ ਵਿਖੇ ਪਤੀ ਨੇ ਪਤਨੀ ਦਾ ਕੀਤਾ ਕਤਲ, ਧੀਆਂ ਨੇ ਮੰਗੀ ਪਿਤਾ ਲਈ ਮੌਤ ਦੀ ਸਜ਼ਾ
ਫ਼ਾਜ਼ਿਲਕਾ, 30 ਜੁਲਾਈ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਦੇ ਪਿੰਡ ਜੰਡਵਾਲਾ ਮੀਰਾਸਾਂਗਲਾ ਵਿਖੇ ਇਕ ਵਿਅਕਤੀ ਵਲੋਂ ਆਪਣੀ ਤਲਾਕਸ਼ੁਦਾ ਪਤਨੀ ਨੂੰ ਮੁੜ ਘਰ ਵਸਾਉਣ ਦਾ ਭਰੋਸਾ ਦੇ ਕੇ ਬੁਲਾਉਣ ਉਪਰੰਤ ਕਾਪੇ ਨਾਲ ਵਾਰ ਕਰਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਸਰੋਜ ਰਾਣੀ ਵਜੋਂ ਹੋਈ ਹੈ। ਥਾਣਾ ਖੂਈ ਖੇੜਾ ਪੁਲਿਸ ਨੇ ਮਾਮਲਾ ਦਰਜ ਕਰਕੇ ਕਥਿਤ ਦੋਸ਼ੀ ਪਤੀ ਗੁਰਮੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਅਨੁਸਾਰ, ਸਰੋਜ ਰਾਣੀ ਦਾ ਵਿਆਹ ਜੰਡਵਾਲਾ ਮੀਰਾਸਾਂਗਲਾ ਵਾਸੀ ਗੁਰਮੀਤ ਸਿੰਘ ਨਾਲ ਹੋਇਆ ਸੀ। ਦੋਵਾਂ ਵਿਚਕਾਰ ਲੰਬੇ ਸਮੇਂ ਤੋਂ ਘਰੇਲੂ ਵਿਵਾਦ ਚੱਲ ਰਿਹਾ ਸੀ, ਜਿਸ ਦੇ ਚੱਲਦਿਆਂ ਦੋਵਾਂ ਦਾ ਤਲਾਕ ਹੋ ਗਿਆ ਸੀ। ਤਲਾਕ ਤੋਂ ਬਾਅਦ ਸਰੋਜ ਰਾਣੀ ਆਪਣੇ ਪੇਕੇ ਪਰਿਵਾਰ ਕੋਲ ਰਹਿ ਰਹੀ ਸੀ। ਦੱਸਿਆ ਜਾਂਦਾ ਹੈ ਕਿ ਕੁੱਝ ਸਮਾਂ ਪਹਿਲਾਂ ਗੁਰਮੀਤ ਸਿੰਘ ਨੇ ਮੁੜ ਘਰ ਵਸਾਉਣ ਦੀ ਗੱਲ ਕਰਦਿਆਂ ਸਰੋਜ ਰਾਣੀ ਨੂੰ ਆਪਣੇ ਕੋਲ ਬੁਲਾਇਆ। ਬੀਤੇ ਦਿਨ ਫੋਨ ਕਰਕੇ ਉਸ ਨੂੰ ਸਮਝੌਤੇ ਦੀ ਗੱਲ ਕਹੀ ਅਤੇ ਆਪਣੇ ਕੋਲ ਬੁਲਾ ਲਿਆ। ਪਰਿਵਾਰ ਅਨੁਸਾਰ ਜਦੋਂ ਸਰੋਜ ਰਾਣੀ ਉਸ ਕੋਲ ਪਹੁੰਚੀ ਤਾਂ ਗੁਰਮੀਤ ਸਿੰਘ ਉਸ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਪਿੰਡ ਦੇ ਮੇਲੇ ਵਿਚ ਲੈ ਗਿਆ।
ਇਸ ਦੌਰਾਨ ਸਰੋਜ ਰਾਣੀ ਵਲੋਂ ਮੋਟਰਸਾਈਕਲ 'ਤੇ ਘੁੰਮਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਸਾਂਝੀ ਕੀਤੀ ਗਈ ਸੀ ਪਰ ਦੋਸ਼ ਹੈ ਕਿ ਮੇਲੇ ਤੋਂ ਬਾਅਦ ਮੁਲਜ਼ਮ ਆਪਣੀ ਪਤਨੀ ਨੂੰ ਘਰ ਲਿਜਾਣ ਦੀ ਬਜਾਏ ਖੇਤਾਂ ਵੱਲ ਲੈ ਗਿਆ। ਖੇਤਾਂ ਵਿਚ ਸੁੰਨਸਾਨ ਥਾਂ 'ਤੇ ਦੋਵਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ। ਇਸ ਦੌਰਾਨ ਮੁਲਜ਼ਮ ਨੇ ਕਾਪੇ ਨਾਲ ਸਰੋਜ ਰਾਣੀ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਮੁਲਜ਼ਮ ਨੂੰ ਆਪਣੀ ਪਤਨੀ ਦੇ ਚਾਲ-ਚਲਣ 'ਤੇ ਸ਼ੱਕ ਸੀ।
ਮਾਂ ਦੀ ਹੱਤਿਆ ਤੋਂ ਬਾਅਦ ਧੀਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਮ੍ਰਿਤਕਾ ਦੀ ਧੀ ਨੇ ਦੋਸ਼ ਲਗਾਇਆ ਕਿ ਉਸ ਦੇ ਪਿਤਾ ਨੇ ਮੁੜ ਘਰ ਵਸਾਉਣ ਦਾ ਭਰੋਸਾ ਦੇ ਕੇ ਉਸ ਦੀ ਮਾਂ ਨੂੰ ਬੁਲਾਇਆ ਸੀ। ਪਹਿਲਾਂ ਮੋਟਰਸਾਈਕਲ 'ਤੇ ਘੁਮਾਇਆ ਅਤੇ ਮੇਲਾ ਦਿਖਾਇਆ, ਪਰ ਬਾਅਦ ਵਿਚ ਖੇਤਾਂ ਵਿਚ ਲਿਜਾ ਕੇ ਉਸ ਦੀ ਹੱਤਿਆ ਕਰ ਦਿੱਤੀ। ਧੀਆਂ ਨੇ ਆਪਣੇ ਪਿਤਾ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਅਤੇ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਹੈ।
ਪੁਲਿਸ ਅਧਿਕਾਰੀ ਦਵਿੰਦਰ ਸਿੰਘ ਨੇ ਦੱਸਿਆ ਕਿ ਪਤੀ-ਪਤਨੀ ਵਿਚਕਾਰ ਪਹਿਲਾਂ ਤੋਂ ਵਿਵਾਦ ਚੱਲ ਰਿਹਾ ਸੀ | ਮੁਲਜ਼ਮ ਵਲੋਂ ਆਪਣੀ ਪਤਨੀ ਨੂੰ ਫੋਨ ਕਰਕੇ ਬੁਲਾਇਆ ਗਿਆ ਅਤੇ ਰਸਤੇ ਵਿਚ ਕਾਪੇ ਨਾਲ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਅਨੁਸਾਰ ਮੁਲਜ਼ਮ ਨੂੰ ਆਪਣੀ ਪਤਨੀ ਦੇ ਚਾਲ-ਚੱਲਣ 'ਤੇ ਸ਼ੱਕ ਸੀ। ਥਾਣਾ ਖੂਈ ਖੇੜਾ ਪੁਲਿਸ ਨੇ ਮ੍ਰਿਤਕਾ ਦੇ ਪਿਤਾ ਪਹਿਲਵਾਨ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਕਤਲ ਦਾ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
;
;
;
;
;
;
;
;