ਅਸਾਮ ਵਿਚ ਯੂਨਾਈਟਿਡ ਸਿੱਖਸ ਵਲੋਂ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਮੁਹਿੰਮ ਸ਼ੁਰੂ
ਅਸਾਮ, 31 ਜੁਲਾਈ- ਲਗਾਤਾਰ ਹੋ ਰਹੀ ਭਾਰੀ ਮਾਨਸੂਨੀ ਬਾਰਿਸ਼ ਨੇ ਅਸਾਮ ਵਿਚ ਭਿਆਨਕ ਤਬਾਹੀ ਮਚਾ ਦਿੱਤੀ ਹੈ। ਦਰਿਆ ਆਪਣੇ ਕੰਢਿਆਂ ਤੋਂ ਉੱਪਰ ਵਹਿਣ ਲੱਗੇ ਹਨ, ਜਿਸ ਕਾਰਨ ਸੈਂਕੜੇ ਪਿੰਡ ਪਾਣੀ ਵਿਚ ਡੁੱਬ ਗਏ ਹਨ ਅਤੇ ਕਈ ਇਲਾਕਿਆਂ ਦਾ ਬਾਹਰੀ ਦੁਨੀਆ ਨਾਲ ਸੰਪਰਕ ਟੁੱਟ ਗਿਆ ਹੈ। ਹਜ਼ਾਰਾਂ ਪਰਿਵਾਰ ਆਪਣੇ ਘਰ ਛੱਡਣ ਲਈ ਮਜ਼ਬੂਰ ਹੋਏ ਹਨ, ਜਦਕਿ ਘਰ, ਸਕੂਲ ਅਤੇ ਖੇਤੀਬਾੜੀ ਦੀ ਜ਼ਮੀਨ ਹੜ੍ਹ ਦੇ ਪਾਣੀ ਵਿਚ ਸਮਾ ਗਈ ਹੈ। ਮੌਸਮੀ ਬਾਰਿਸ਼ ਹੁਣ ਇਕ ਵੱਡੀ ਮਨੁੱਖੀ ਤਰਾਸਦੀ ਵਿਚ ਬਦਲ ਚੁੱਕੀ ਹੈ, ਜਿਸ ਨੇ ਲੋਕਾਂ ਦੀ ਜ਼ਿੰਦਗੀ ਅਤੇ ਰੋਜ਼ੀ-ਰੋਟੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।
ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਲੋਕ ਬਹੁਤ ਹੀ ਮੁਸ਼ਕਲ ਹਾਲਾਤਾਂ ਵਿਚ ਜੀਵਨ ਬਿਤਾ ਰਹੇ ਹਨ। ਪਰਿਵਾਰ ਅਸਥਾਈ ਰਾਹਤ ਕੈਂਪਾਂ ਵਿਚ ਰਹਿਣ ਲਈ ਮਜ਼ਬੂਰ ਹਨ, ਜਦਕਿ ਬੱਚੇ ਭੋਜਨ, ਸਾਫ਼ ਪੀਣ ਵਾਲੇ ਪਾਣੀ ਅਤੇ ਲੋੜੀਂਦੀਆਂ ਦਵਾਈਆਂ ਦੀ ਉਡੀਕ ਕਰ ਰਹੇ ਹਨ। ਇਸ ਸੰਕਟ ਦੀ ਘੜੀ ਵਿੱਚ ਯੂਨਾਈਟਿਡ ਸਿੱਖਸ ਨੇ ਤੁਰੰਤ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ। ਸੰਸਥਾ ਦੇ ਸੇਵਾਦਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਪਹੁੰਚ ਕੇ ਲੋੜਵੰਦ ਪਰਿਵਾਰਾਂ ਨੂੰ ਪੱਕਾ ਭੋਜਨ, ਸਾਫ਼ ਪੀਣ ਵਾਲਾ ਪਾਣੀ, ਕੱਪੜੇ, ਦਵਾਈਆਂ ਅਤੇ ਹੋਰ ਜ਼ਰੂਰੀ ਸਮੱਗਰੀ ਮੁਹੱਈਆ ਕਰਵਾ ਰਹੇ ਹਨ। ਰਾਹਤ ਸਮੱਗਰੀ ਦੀ ਪਹਿਲੀ ਖੇਪ ਪ੍ਰਭਾਵਿਤ ਜ਼ਿਲ੍ਹਿਆਂ ਵਿਚ ਪਹੁੰਚ ਚੁੱਕੀ ਹੈ, ਤਾਂ ਜੋ ਕਿਸੇ ਵੀ ਪਰਿਵਾਰ ਤੱਕ ਮਦਦ ਪਹੁੰਚਣ ਵਿਚ ਦੇਰੀ ਨਾ ਹੋਵੇ।
ਅਸਾਮ ਲਈ ਰਵਾਨਾ ਹੋਣ ਤੋਂ ਪਹਿਲਾਂ ਯੂਨਾਈਟਿਡ ਸਿੱਖਸ ਦੇ ਸੇਵਾਦਾਰਾਂ ਨੇ ਅਰਦਾਸ ਕਰਕੇ ਵਾਹਿਗੁਰੂ ਅੱਗੇ ਸੇਵਾ ਲਈ ਤਾਕਤ, ਹੌਸਲੇ ਅਤੇ ਮਾਰਗਦਰਸ਼ਨ ਦੀ ਅਰਦਾਸ ਕੀਤੀ। ਅੱਜ ਸੰਸਥਾ ਦੀਆਂ ਟੀਮਾਂ ਮੈਦਾਨ ਵਿਚ ਦਿਨ-ਰਾਤ ਕੰਮ ਕਰ ਰਹੀਆਂ ਹਨ ਅਤੇ ਹੜ੍ਹ ਵਿਚ ਫਸੇ ਪਰਿਵਾਰਾਂ ਤੱਕ ਜੀਵਨ ਬਚਾਉਣ ਵਾਲੀ ਸਹਾਇਤਾ ਪਹੁੰਚਾ ਰਹੀਆਂ ਹਨ। ਹੜ੍ਹਾਂ ਨੇ ਨਾ ਸਿਰਫ਼ ਘਰ ਉਜਾੜੇ ਹਨ, ਸਗੋਂ ਹਜ਼ਾਰਾਂ ਲੋਕਾਂ ਦੀ ਰੋਜ਼ੀ-ਰੋਟੀ ਵੀ ਖੋਹ ਲਈ ਹੈ। ਇਸ ਔਖੇ ਸਮੇਂ ਵਿਚ ਯੂਨਾਈਟਿਡ ਸਿੱਖਸ ਨੇ ਦੁਨੀਆ ਭਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਸਾਮ ਦੇ ਲੋਕਾਂ ਨਾਲ ਏਕਜੁੱਟਤਾ ਦਾ ਪ੍ਰਗਟਾਵਾ ਕਰਨ।
ਤੁਹਾਡਾ ਹਰ ਯੋਗਦਾਨ ਪ੍ਰਭਾਵਿਤ ਪਰਿਵਾਰਾਂ ਨੂੰ ਨਵੀਂ ਉਮੀਦ, ਸੁਰੱਖਿਆ ਅਤੇ ਸਨਮਾਨ ਨਾਲ ਮੁੜ ਆਪਣੀ ਜ਼ਿੰਦਗੀ ਸ਼ੁਰੂ ਕਰਨ ਵਿਚ ਮਦਦ ਕਰੇਗਾ। ਯੂਨਾਈਟਿਡ ਸਿੱਖਸ ਨੂੰ ਹੜ੍ਹ ਰਾਹਤ ਅਤੇ ਪੁਨਰਵਾਸ ਕਾਰਜਾਂ ਦਾ ਵਿਸ਼ਾਲ ਤਜਰਬਾ ਹੈ, ਜੋ ਪੰਜਾਬ ਵਿਚ ਕੀਤੇ ਗਏ ਸਾਲਾਂ ਦੇ ਸੇਵਾ ਕਾਰਜਾਂ ਤੋਂ ਪ੍ਰਾਪਤ ਹੋਇਆ ਹੈ। ਜਦੋਂ ਪੰਜਾਬ ਵਿਚ ਭਿਆਨਕ ਹੜ੍ਹ ਆਏ ਸਨ, ਉਸ ਵੇਲੇ ਸੰਸਥਾ ਸਿਰਫ਼ ਐਮਰਜੈਂਸੀ ਰਾਹਤ ਦੇ ਕੇ ਵਾਪਸ ਨਹੀਂ ਗਈ ਸੀ, ਸਗੋਂ ਘਰਾਂ ਦੀ ਮੁੜ ਉਸਾਰੀ, ਖੇਤੀਬਾੜੀ ਦੀ ਜ਼ਮੀਨ ਦੀ ਬਹਾਲੀ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਮੁੜ ਆਪਣੇ ਪੈਰਾਂ 'ਤੇ ਖੜ੍ਹਾ ਕਰਨ ਤੱਕ ਲਗਾਤਾਰ ਸੇਵਾ ਕਰਦੀ ਰਹੀ। ਇਹੀ ਵਚਨਬੱਧਤਾ ਹੁਣ ਅਸਾਮ ਵਿਚ ਵੀ ਜਾਰੀ ਹੈ। ਸੰਸਥਾ ਸਿਰਫ਼ ਤੁਰੰਤ ਰਾਹਤ ਨਹੀਂ ਪਹੁੰਚਾ ਰਹੀ, ਸਗੋਂ ਪ੍ਰਭਾਵਿਤ ਪਰਿਵਾਰਾਂ ਦੇ ਸਨਮਾਨਪੂਰਵਕ ਪੁਨਰਵਾਸ ਅਤੇ ਉਨ੍ਹਾਂ ਦੇ ਭਵਿੱਖ ਨੂੰ ਮੁੜ ਸੰਵਾਰਨ ਲਈ ਵੀ ਯਤਨਸ਼ੀਲ ਹੈ।
;
;
;
;
;
;
;
;