ਰਿਫ਼ਾਇਨਰੀ ਟਾਊਨਸ਼ਿਪ ਵਿਚ ਸੀਵਰੇਜ ਦੀ ਸਫ਼ਾਈ ਦੌਰਾਨ ਹਾਦਸਾ, 3 ਦੀ ਮੌਤ
ਰਾਮਾਂ ਮੰਡੀ, (ਬਠਿੰਡਾ), 6 ਮਈ (ਤਰਸੇਮ ਸਿੰਗਲਾ)- ਰਿਫਾਇਨਰੀ ਦੀ ਟਾਊਨਸ਼ਿਪ ਵਿਚ ਅੱਜ ਇਕ ਦੁਖਦਾਈ ਘਟਨਾ ਵਾਪਰਨ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਟਾਊਨਸ਼ਿਪ ਵਿਚ ਇਕ ਠੇਕੇਦਾਰ ਕੰਪਨੀ ਦੇ 4 ਕਰਮਚਾਰੀਆਂ ਵਲੋਂ ਬਿਨ੍ਹਾਂ ਕਿਸੇ ਸੁਰੱਖਿਆ ਉਪਕਰਨ ਦੇ ਸੀਵਰੇਜ ਦੀ ਸਫਾਈ ਕੀਤੀ ਜਾ ਰਹੀ ਸੀ। ਇਸ ਦੌਰਾਨ, 4 ਮਜ਼ਦੂਰਾਂ ਨੂੰ ਸਾਹ ਲੈਣ ਵਿਚ ਮੁਸ਼ਕਿਲ ਆਉਣ ਲੱਗੀ। ਸੂਚਨਾ ਮਿਲਦੇ ਹੀ ਸਿਹਤ ਅਤੇ ਸੁਰੱਖਿਆ ਟੀਮ ਮੌਕੇ ’ਤੇ ਪਹੁੰਚ ਗਈ ਅਤੇ ਪ੍ਰਭਾਵਿਤ ਕਰਮਚਾਰੀਆਂ ਨੂੰ ਤੁਰੰਤ ਬਠਿੰਡਾ ਏਮਜ਼ ਹਸਪਤਾਲ ਲਿਜਾਇਆ ਗਿਆ ਅਤੇ ਪ੍ਰਬੰਧਨ ਨੇ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਘਟਨਾ ਬਾਰੇ ਸੂਚਿਤ ਕੀਤਾ। ਬਹੁਤ ਕੋਸ਼ਿਸ਼ਾਂ ਦੇ ਬਾਵਜੂਦ, ਤਿੰਨ ਕਰਮਚਾਰੀਆਂ ਨੂੰ ਬਚਾਇਆ ਨਹੀਂ ਜਾ ਸਕਿਆ ਜਦੋਂ ਕਿ ਇਕ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਮ੍ਰਿਤਕਾਂ ਦੀ ਪਛਾਣ ਸੁਖਪਾਲ ਸਿੰਘ, ਰਾਜਵਿੰਦਰ ਸਿੰਘ ਅਤੇ ਅਖਤਰ ਅਲੀ ਵਜੋਂ ਹੋਈ ਹੈ। ਜਦੋਂ ਕਿ ਚੌਥੇ ਕ੍ਰਿਸ਼ਨ ਕੁਮਾਰ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਇਸ ਮਾਮਲੇ ਵਿਚ ਰਿਫਾਇਨਰੀ ਪੁਲਿਸ ਚੌਕੀ ਦੇ ਅਧਿਕਾਰੀ ਰਵਨੀਤ ਸਿੰਘ ਨੇ ਕਿਹਾ ਕਿ ਫਿਲਹਾਲ ਪੁਲਿਸ ਵਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।