15 ਅਗਸਤ ਨੂੰ ਅਲਾਸਕਾ ’ਚ ਮਿਲਣਗੇ ਟਰੰਪ ਤੇ ਪੁਤਿਨ

ਵਾਸ਼ਿੰਗਟਨ, ਡੀ.ਸੀ. 9 ਅਗਸਤ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਦਿਨ ਕਿਹਾ ਕਿ ਉਹ 15 ਅਗਸਤ ਨੂੰ ਅਲਾਸਕਾ ਵਿਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਸੋਸ਼ਲ ਮੀਡੀਆ ’ਤੇ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ। ਜਾਣਕਾਰੀ ਅਨੁਸਾਰ, ਦੋਵੇਂ ਨੇਤਾ ਯੂਕਰੇਨ ਯੁੱਧ ’ਤੇ ਚਰਚਾ ਕਰਨਗੇ। ਟਰੰਪ ਨੇ ਕਿਹਾ ਕਿ ਮੇਰੀ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਕਾਰ ਬਹੁਤ ਉਡੀਕੀ ਜਾ ਰਹੀ ਮੁਲਾਕਾਤ ਅਗਲੇ ਸ਼ੁੱਕਰਵਾਰ, 15 ਅਗਸਤ, 2025 ਨੂੰ ਅਲਾਸਕਾ ਦੇ ਮਹਾਨ ਰਾਜ ਵਿਚ ਹੋਵੇਗੀ ਤੇ ਹੋਰ ਜਾਣਕਾਰੀ ਬਾਅਦ ਵਿਚ ਦਿੱਤੀ ਜਾਵੇਗੀ।
ਦੱਸ ਦੇਈਏ ਕਿ ਅਮਰੀਕਾ ਅਤੇ ਰੂਸ ਦੇ ਰਾਸ਼ਟਰਪਤੀਆਂ ਦੀ ਆਖਰੀ ਮੁਲਾਕਾਤ ਜੂਨ 2021 ਵਿਚ ਹੋਈ ਸੀ। ਉਸ ਸਮੇਂ, ਤਤਕਾਲੀ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਅਤੇ ਪੁਤਿਨ ਜਿਨੇਵਾ ਵਿਚ ਮਿਲੇ ਸਨ। ਟਰੰਪ ਦੇ ਵਿਸ਼ੇਸ਼ ਦੂਤ ਸਟੀਵ ਵਿਟਕੋਫ ਨੇ ਵੀ ਬੁੱਧਵਾਰ ਨੂੰ ਪੁਤਿਨ ਨਾਲ ਮੁਲਾਕਾਤ ਕੀਤੀ। ਟਰੰਪ ਨੇ ਇਸ ਮੁਲਾਕਾਤ ਨੂੰ ਮਹੱਤਵਪੂਰਨ ਦੱਸਿਆ। ਰੂਸੀ ਰਾਸ਼ਟਰਪਤੀ ਦਫ਼ਤਰ, ਕ੍ਰੇਮਲਿਨ ਦੇ ਸਲਾਹਕਾਰ ਯੂਰੀ ਉਸਾਕੋਵ ਨੇ ਕਿਹਾ ਸੀ ਕਿ ਦੋਵਾਂ ਦੇਸ਼ਾਂ ਨੇ ਯੂਕਰੇਨ ਮੁੱਦੇ ’ਤੇ ਚਰਚਾ ਕੀਤੀ।