ਜੰਮੂ ਕਸ਼ਮੀਰ: ਅੱਤਵਾਦੀਆਂ ਨਾਲ ਮੁਠਭੇੜ ’ਚ ਦੋ ਜਵਾਨ ਸ਼ਹੀਦ, ਇਕ ਅੱਤਵਾਦੀ ਢੇਰ

ਸ੍ਰੀਨਗਰ, 9 ਅਗਸਤ- ਜੰਮੂ-ਕਸ਼ਮੀਰ ਦੇ ਕੁਲਗਾਮ ਵਿਖੇ ਅਖਲ ਜੰਗਲ ਵਿਚ ਸੁਰੱਖਿਆ ਬਲਾਂ ਨੇ ਇਕ ਹੋਰ ਅੱਤਵਾਦੀ ਨੂੰ ਮਾਰ ਦਿੱਤਾ। 1 ਅਗਸਤ ਤੋਂ ਚੱਲ ਰਹੇ ਅਭਿਆਨ ਦਾ ਅੱਜ ਨੌਵਾਂ ਦਿਨ ਹੈ। ਹੁਣ ਤੱਕ 3 ਅੱਤਵਾਦੀ ਮਾਰੇ ਗਏ ਹਨ। ਸ਼ੁੱਕਰਵਾਰ ਰਾਤ ਤੋਂ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਗੋਲੀਬਾਰੀ ਜਾਰੀ ਸੀ। ਇਸ ਵਿਚ ਚਾਰ ਜਵਾਨ ਜ਼ਖਮੀ ਹੋ ਗਏ ਸਨ ਤੇ ਦੋ ਸੈਨਿਕ ਲਾਂਸ ਨਾਇਕ ਪ੍ਰਿਤਪਾਲ ਸਿੰਘ ਅਤੇ ਸਿਪਾਹੀ ਹਰਮਿੰਦਰ ਸਿੰਘ ਸ਼ਹੀਦ ਹੋ ਗਏ।
2 ਅਗਸਤ ਦੀ ਸਵੇਰ ਨੂੰ ਵੀ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ। ਇਕ ਅੱਤਵਾਦੀ ਦੀ ਪਛਾਣ ਪੁਲਵਾਮਾ ਦੇ ਹਰੀਸ ਨਜ਼ੀਰ ਡਾਰ ਵਜੋਂ ਹੋਈ, ਜੋ ਕਿ ਸੀ-ਸ਼੍ਰੇਣੀ ਦਾ ਅੱਤਵਾਦੀ ਸੀ।
ਹਰੀਸ ਉਨ੍ਹਾਂ 14 ਸਥਾਨਕ ਅੱਤਵਾਦੀਆਂ ਦੀ ਸੂਚੀ ਵਿਚ ਸੀ, ਜਿਨ੍ਹਾਂ ਦੇ ਨਾਮ ਖੁਫੀਆ ਏਜੰਸੀਆਂ ਨੇ 26 ਅਪ੍ਰੈਲ ਨੂੰ ਪਹਿਲਗਾਮ ਹਮਲੇ ਤੋਂ ਬਾਅਦ ਜਾਰੀ ਕੀਤੇ ਸਨ। ਉਸ ਤੋਂ ਏ.ਕੇ.-47 ਰਾਈਫਲ, ਮੈਗਜ਼ੀਨ ਅਤੇ ਗ੍ਰਨੇਡ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ।
ਸਪੈਸ਼ਲ ਆਪ੍ਰੇਸ਼ਨ ਗਰੁੱਪ, ਜੰਮੂ-ਕਸ਼ਮੀਰ ਪੁਲਿਸ, ਫੌਜ ਅਤੇ ਸੀ.ਆਰ.ਪੀ.ਐਫ਼. ਵਲੋਂ ‘ਆਪ੍ਰੇਸ਼ਨ ਅਖਲ’ ਚਲਾਇਆ ਜਾ ਰਿਹਾ ਹੈ। ਜੰਗਲ ਵਿਚ ਹੋਰ ਅੱਤਵਾਦੀਆਂ ਦੇ ਲੁਕੇ ਹੋਣ ਦਾ ਸ਼ੱਕ ਹੈ। ਦੋਵਾਂ ਪਾਸਿਆਂ ਤੋਂ ਗੋਲੀਬਾਰੀ ਜਾਰੀ ਹੈ।